ਬਰਨਾਲਾ ਪੁਲਸ ਦੀ ਕਾਰਵਾਈ: ਨਸ਼ੀਲੀਆਂ ਗੋਲੀਆਂ ਸਮੇਤ 1 ਗ੍ਰਿਫਤਾਰ; ਧਨੌਲਾ ’ਚ 100 ਲੀਟਰ ‘ਲਾਹਣ’ ਬਰਾਮਦ

Monday, Dec 15, 2025 - 01:10 PM (IST)

ਬਰਨਾਲਾ ਪੁਲਸ ਦੀ ਕਾਰਵਾਈ: ਨਸ਼ੀਲੀਆਂ ਗੋਲੀਆਂ ਸਮੇਤ 1 ਗ੍ਰਿਫਤਾਰ; ਧਨੌਲਾ ’ਚ 100 ਲੀਟਰ ‘ਲਾਹਣ’ ਬਰਾਮਦ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਜ਼ਿਲ੍ਹਾ ਪੁਲਸ ਮੁਖੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਪੁਲਸ ਨੇ ਵੱਖ-ਵੱਖ ਥਾਣਿਆਂ ’ਚ ਤਿੰਨ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ’ਚ ਕੁੱਟਮਾਰ, ਭੰਨ-ਤੋੜ, ਨਸ਼ੀਲੀਆਂ ਗੋਲੀਆਂ ਦੀ ਵਿਕਰੀ ਅਤੇ ਨਜਾਇਜ਼ ਸ਼ਰਾਬ ਕੱਢਣ ਦੇ ਦੋਸ਼ ਸ਼ਾਮਲ ਹਨ।

ਥਾਣਾ ਧਨੌਲਾ: ਕੁੱਟਮਾਰ ਅਤੇ ਭੰਨ-ਤੋੜ ਦਾ ਮਾਮਲਾ

ਥਾਣਾ ਧਨੌਲਾ ਅਧੀਨ ਇਕ ਮਾਮਲਾ ਦਰਜ ਕੀਤਾ ਗਿਆ ਹੈ। ਮੁਦੱਈ ਪਰਮਜੀਤ ਕੌਰ ਪੁੱਤਰੀ ਸਾਧੂ ਸਿੰਘ ਵਾਸੀ ਕੱਟੂ ਨੇ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਮੁਤਾਬਕ, ਗੁਰਜੰਟ ਸਿੰਘ ਨੇ ਆਪਣੇ ਨਾਮਲੂਮ ਸਾਥੀਆਂ ਨਾਲ ਮਿਲ ਕੇ ਮੁਦੱਈ ਦੇ ਘਰ ਵੜ ਕੇ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਕੁੱਟਮਾਰ ਕੀਤੀ। ਇਨਾਂ ਹੀ ਨਹੀਂ, ਉਨ੍ਹਾਂ ਨੇ ਘਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਅਤੇ ਹੋਰ ਸਾਮਾਨ ਦੀ ਭੰਨ ਤੋੜ ਵੀ ਕੀਤੀ। ਪੁਲਸ ਵੱਲੋਂ ਦਰਖਾਸਤ ਦੀ ਪੜਤਾਲ ਤੋਂ ਬਾਅਦ, ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਥਾਣਾ ਸਿਟੀ-2 ਬਰਨਾਲਾ: ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰੀ

ਥਾਣਾ ਸਿਟੀ-2 ਬਰਨਾਲਾ ਦੀ ਪੁਲਸ ਨੇ ਕਾਰਵਾਈ ਕਰਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੁਖਬਰ ਤੋਂ ਇਤਲਾਹ ਮਿਲੀ ਸੀ ਕਿ ਮਨਪ੍ਰੀਤ ਸਿੰਘ ਪੁੱਤਰ ਸੇਵਕ ਸਿੰਘ ਵਾਸੀ ਕਪਿਲ ਪੈਲੇਸ ਦੀ ਬੈਕ ਸਾਈਡ, ਬਰਨਾਲਾ, ਜੋ ਕਿ ਨਸ਼ੀਲੀਆਂ ਗੋਲੀਆਂ ਵੇਚਣ ਦਾ ਆਦੀ ਹੈ, ਮਿੰਨੀ ਬੱਸ ਸਟੈਂਡ ਦੀ ਬੈਕਸਾਈਡ, ਅਗਰਸੈਨ ਕਲੋਨੀ ਦੀ ਮਾਰਕੀਟ ਕੋਲ ਬੰਦ ਪਈਆਂ ਦੁਕਾਨਾਂ ਕੋਲ ਗੋਲੀਆਂ ਵੇਚ ਰਿਹਾ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਮੁਲਜ਼ਮ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਕੋਲੋਂ 60 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਉਕਤ ਖਿਲਾਫ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

100 ਲੀਟਰ ਲਾਹਣ ਬਰਾਮਦ

ਥਾਣਾ ਧਨੌਲਾ ਦੀ ਪੁਲਸ ਨੇ ਗਸ਼ਤ ਦੌਰਾਨ ਐਕਸਾਈਜ਼ ਇੰਸਪੈਕਟਰ ਦਵਿੰਦਰ ਸਿੰਘ ਅਤੇ ਸਾਥੀ ਕਰਮਚਾਰੀਆਂ ਨਾਲ ਮਿਲ ਕੇ ਇਕ ਹੋਰ ਮਾਮਲਾ ਦਰਜ ਕੀਤਾ ਹੈ। ਪੁਲਸ ਪਾਰਟੀ ਬੱਸ ਸਟੈਂਡ ਕੋਟਦੁੱਨਾ ਮੌਜੂਦ ਸੀ, ਜਿੱਥੇ ਮੁਖਬਰ ਨੇ ਇਤਲਾਹ ਦਿੱਤੀ ਕਿ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਮੱਘਰ ਸਿੰਘ ਵਾਸੀ ਬਡੇਰ ਪੱਤੀ ਕੋਟਦੁੱਨਾ ਨਾਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਦਾ ਆਦੀ ਹੈ। ਇਸ ਇਤਲਾਹ ਦੇ ਆਧਾਰ ’ਤੇ ਸੁਖਦੇਵ ਸਿੰਘ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਤਲਾਸ਼ੀ ਦੌਰਾਨ ਉਕਤ ਦੇ ਬਾਗਲ (ਨਜ਼ਦੀਕੀ ਖੇਤਰ) ’ਚੋਂ 100 ਲੀਟਰ ਲਾਹਣ (ਨਾਜਾਇਜ਼ ਸ਼ਰਾਬ ਬਣਾਉਣ ਲਈ ਵਰਤਿਆ ਜਾਂਦਾ ਕੱਚਾ ਮਾਲ) ਬਰਾਮਦ ਹੋਇਆ। ਹਾਲਾਂਕਿ, ਇਸ ਮਾਮਲੇ ’ਚ ਮੁਲਜ਼ਮ ਸੁਖਦੇਵ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈ।


author

Anmol Tagra

Content Editor

Related News