ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮਹਿਲ ਕਲਾਂ ਤੋਂ ‘ਆਪ’ ਉਮੀਦਵਾਰ ਬੀਬੀ ਕੁਲਦੀਪ ਕੌਰ ਖੜਕੇ ਦੀ ਸ਼ਾਨਦਾਰ ਜਿੱਤ
Wednesday, Dec 17, 2025 - 06:31 PM (IST)
ਮਹਿਲ ਕਲਾਂ (ਹਮੀਦੀ) : ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਕੁਲਦੀਪ ਕੌਰ ਖੜਕੇ ਪਤਨੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਰਪੰਚ ਸਰਬਜੀਤ ਸਿੰਘ ਸੰਭੂ ਨੇ ਚੋਣ ਮੈਦਾਨ ਵਿੱਚ ਆਪਣੇ ਮੁੱਖ ਵਿਰੋਧੀਆਂ ਨੂੰ ਹਰਾਉਂਦਿਆਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਰਵਿੰਦਰ ਕੌਰ ਬੈਨੀਪਾਲ ਅਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਨੂੰ ਪਿੱਛੇ ਛੱਡ ਕੇ ਜਿੱਤ ਹਾਸਲ ਕੀਤੀ।
ਵੋਟਾਂ ਦੀ ਗਿਣਤੀ ਮੁਕੰਮਲ ਹੋਣ ਮਗਰੋਂ ਚੋਣ ਅਧਿਕਾਰੀਆਂ ਵੱਲੋਂ ਬੀਬੀ ਕੁਲਦੀਪ ਕੌਰ ਖੜਕੇ ਕੇ ਨੂੰ ਜੇਤੂ ਕਰਾਰ ਦਿੰਦਿਆਂ ਜਿੱਤ ਦਾ ਸਰਟੀਫਿਕੇਟ ਸੌਂਪਿਆ ਗਿਆ। ਜਿਵੇਂ ਹੀ ਉਹ ਕਸਬਾ ਮਹਿਲ ਕਲਾਂ ਪਹੁੰਚੀਆਂ, ਉਨ੍ਹਾਂ ਦੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਵੱਲੋਂ ਢੋਲ-ਨਗਾਰੇ ਵਜਾ ਕੇ ਜਿੱਤ ਦੀ ਖੁਸ਼ੀ ਮਨਾਈ ਗਈ। ਕਸਬਾ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਬੀਬੀ ਕੁਲਦੀਪ ਕੌਰ ਖੜਕੇ ਨੇ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਮਹਿਲ ਕਲਾਂ ਜ਼ੋਨ ਦੇ ਲੋਕਾਂ ਦੇ ਭਰੋਸੇ ਅਤੇ ਪਿਆਰ ਦੀ ਜਿੱਤ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰੀਸ਼ਦ ਵਿੱਚ ਰਹਿੰਦਿਆਂ ਉਹ ਇਲਾਕੇ ਦੇ ਵਿਕਾਸ, ਬੁਨਿਆਦੀ ਸਹੂਲਤਾਂ, ਔਰਤਾਂ, ਨੌਜਵਾਨਾਂ ਅਤੇ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਉਠਾਉਣਗੇ।
