ਸ਼੍ਰੋਮਣੀ ਅਕਾਲੀ ਦਲ ਨੇ ਮਹਿਲ ਕਲਾਂ ਹਲਕੇ ਵਿਚ ਸਕੇ ਭੈਣ-ਭਰਾ ਨੂੰ ਚੋਣ ਮੈਦਾਨ ਵਿਚ ਉਤਾਰਿਆ
Monday, Dec 08, 2025 - 05:37 PM (IST)
ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਿਆਸਤ ਵਿੱਚ ਦਿਲਚਸਪ ਮੋੜ ਉਸ ਸਮੇਂ ਆਇਆ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਸਕੇ ਭੈਣ-ਭਰਾ ਨੂੰ ਮੈਦਾਨ ਵਿਚ ਉਤਾਰਿਆ। ਤਜਰਬੇਕਾਰ ਅਕਾਲੀ ਆਗੂ ਅਤੇ ਹਲਕੇ ਦੇ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਦੇ ਸਪੁੱਤਰ-ਸਪੁੱਤਰੀ ਬੀਬੀ ਜਸ਼ਨਪ੍ਰੀਤ ਕੌਰ ਹਮੀਦੀ ਅਤੇ ਹਰਮਨਪ੍ਰੀਤ ਸਿੰਘ ਹਮੀਦੀ ਨੂੰ ਪਾਰਟੀ ਹਾਈ ਕਮਾਂਡ ਨੇ ਪੂਰੇ ਭਰੋਸੇ ਨਾਲ ਟਿਕਟਾਂ ਸੌਂਪੀਆਂ ਹਨ। ਬੀਬੀ ਜਸ਼ਨਪ੍ਰੀਤ ਕੌਰ ਹਮੀਦੀ, ਜੋ ਐਮ.ਏ. ਅਤੇ ਬੀ.ਐਡ. ਦੀਆਂ ਉੱਚ ਡਿਗਰੀਆਂ ਰੱਖਦੀਆਂ ਹਨ, ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਠੁੱਲੀਵਾਲ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉੱਥੇ ਹੀ ਉਨ੍ਹਾਂ ਦੇ ਭਰਾ ਅਤੇ ਉਤਸ਼ਾਹੀ ਨੌਜਵਾਨ ਹਰਮਨਪ੍ਰੀਤ ਸਿੰਘ ਹਮੀਦੀ ਨੂੰ ਬਲਾਕ ਸੰਮਤੀ ਜ਼ੋਨ ਵਜੀਦਕੇ ਕਲਾਂ ਤੋਂ ਪਾਰਟੀ ਨੇ ਆਪਣਾ ਅਧਿਕਾਰਕ ਉਮੀਦਵਾਰ ਐਲਾਨਿਆ ਹੈ। ਦੋਵੇਂ ਨੌਜਵਾਨ ਚਿਹਰਿਆਂ ਦੇ ਇੱਕੋ ਵਾਰ ਚੋਣ ਮੈਦਾਨ ਵਿੱਚ ਆਉਣ ਨਾਲ ਚੋਣੀ ਹਵਾਵਾਂ ਹੋਰ ਵੀ ਤਾਜ਼ਗੀ ਅਤੇ ਸਰਗਰਮੀ ਨਾਲ ਭਰ ਗਈਆਂ ਹਨ।
ਟਿਕਟਾਂ ਦੇ ਐਲਾਨ ਤੁਰੰਤ ਬਾਅਦ ਦੋਵੇਂ ਉਮੀਦਵਾਰਾਂ ਨੇ ਆਪਣੇ-ਆਪਣੇ ਖੇਤਰਾਂ ਵਿਚ ਨਾਮਜ਼ਦਗੀ ਪੱਤਰ ਦਾਖਲ ਕੀਤੇ ਅਤੇ ਤੇਜ਼ ਰਫ਼ਤਾਰ ਨਾਲ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ। ਜਸ਼ਨਪ੍ਰੀਤ ਕੌਰ ਅਤੇ ਹਰਮਨਪ੍ਰੀਤ ਸਿੰਘ ਹਮੀਦੀ ਘਰ-ਘਰ ਜਾ ਕੇ ਵੋਟਰਾਂ ਨਾਲ ਗੱਲਬਾਤ ਕਰ ਰਹੇ ਹਨ, ਲੋਕਾਂ ਦੇ ਮੁੱਦੇ ਜਾਣ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਜਨਤਾ ਤੱਕ ਪਹੁੰਚਾ ਰਹੇ ਹਨ। ਪ੍ਰਚਾਰ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਉਨ੍ਹਾਂ ਨੂੰ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਵੱਲੋਂ ਉਤਸ਼ਾਹਪੂਰਣ ਸਮਰਥਨ ਮਿਲ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਰਾਹੀ ਸਮੇਤ ਸਥਾਨਕ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ। ਦੋਵੇਂ ਉਮੀਦਵਾਰਾਂ ਨੇ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਭਰੋਸਾ ਜਤਾਇਆ ਕਿ ਉਹ ਲੋਕਾਂ ਦੇ ਭਰੋਸੇ ਨੂੰ ਕਾਇਮ ਰੱਖਦੇ ਹੋਏ ਜਿੱਤ ਪ੍ਰਾਪਤ ਕਰਕੇ ਪਾਰਟੀ ਦੀ ਝੋਲੀ ਭਰਣਗੇ। ਭੈਣ-ਭਰਾਵਾਂ ਦੀ ਇਹ ਸਾਂਝੀ ਅਹਿਮ ਚੋਣ ਮੁਹਿੰਮ ਹੁਣ ਸਿਰਫ਼ ਇੱਕ ਰੋਜ਼ਮਰਰਾ ਮੁਕਾਬਲਾ ਨਹੀਂ, ਸਗੋਂ ਹਲਕੇ ਵਿੱਚ ਦੋ ਨਵੇਂ ਪੜ੍ਹੇ-ਲਿਖੇ ਤੇ ਸਮਰੱਥ ਨੌਜਵਾਨਾਂ ਦੇ ਸਿਆਸੀ ਕਦਮ ਦੀ ਸ਼ੁਰੂਆਤ ਵਜੋਂ ਵੀ ਦੇਖੀ ਜਾ ਰਹੀ ਹੈ, ਜਿਸ ਨਾਲ ਚੋਣ ਰਣਨੀਤੀ ਹੋਰ ਵੀ ਦਿਲਚਸਪ ਹੋ ਗਈ ਹੈ।
