ਅੱਗ ਨਾਲ ਗਰੀਬ ਭੱਠਾ ਮਜ਼ਦੂਰ ਦਾ ਘਰ ਸਡ਼ ਕੇ ਸੁਆਹ
Friday, Mar 01, 2019 - 03:53 AM (IST)
ਸੰਗਰੂਰ (ਵਿਕਾਸ)-ਨੇਡ਼ਲੇ ਪਿੰਡ ਘਰਾਚੋਂ ਵਿਚ ਬੀਤੀ ਰਾਤ ਘਰ ’ਚ ਪਏ ਸਿਲੰਡਰ ਦੀ ਅੱਗ ਨਾਲ ਇਕ ਗਰੀਬ ਮਜ਼ਦੂਰ ਦਾ ਘਰ ਸਡ਼ ਕੇ ਸੁਆਹ ਹੋ ਗਿਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਭੱਠੇ ’ਤੇ ਮਜ਼ਦੂਰੀ ਦਾ ਕੰਮ ਕਰਦੇ ਭੂਰਾ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਘਰਾਚੋਂ ਨੇ ਦੱਸਿਆ ਕਿ ਬੀਤੀ ਰਾਤ ਉਸ ਦਾ ਪਰਿਵਾਰ ਸੁੱਤਾ ਪਿਆ ਸੀ ਕਿ ਰਾਤ 12 ਕੁ ਵਜੇ ਅਚਾਨਕ ਉਸਦੇ ਘਰ ’ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ ਤੇ ਦੇਖਦੇ ਹੀ ਦੇਖਦੇ ਅੱਗ ਫੈਲ ਗਈ। ਪਰਿਵਾਰ ਵੱਲੋਂ ਰੌਲਾ ਪਾਉਣ ’ਤੇ ਇਕੱਠੇ ਹੋਏ ਆਲੇ-ਦੁਆਲੇ ਦੇ ਲੋਕਾਂ ਨੇ ਫੁਰਤੀ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਭਿਆਨਕ ਸੀ ਕਿ ਘਰ ਦੀ ਛੱਤ ਹੇਠਾਂ ਡਿੱਗ ਪਈ। ਭੂਰਾ ਸਿੰਘ ਨੇ ਦੱਸਿਆ ਕਿ ਘਰ ਵਿਚ ਪਏ ਸਿਲੰਡਰ ਦੀ ਗੈਸ ਲੀਕ ਹੋਣ ਕਾਰਨ ਇਹ ਘਟਨਾ ਵਾਪਰੀ ਹੈ। ਉਸ ਨੇ ਦੱਸਿਆ ਕਿ ਉਸ ਦਾ ਕਾਫੀ ਮਾਲੀ ਨੁਕਸਾਨ ਹੋ ਗਿਆ ਹੈ। ਉੱਧਰ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮਜ਼ਦੂਰ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।