Big Breaking: ਪੰਜਾਬ ''ਚ ਵੱਡਾ ਹਾਦਸਾ! ਸਵਾਰੀਆਂ ਨਾਲ ਭਰੀ Luxury ਬੱਸ ਨੂੰ ਲੱਗ ਗਈ ਅੱਗ
Thursday, Dec 04, 2025 - 04:33 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ)- ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਇਕ ਸਲੀਪਰ ਬੱਸ ਵੀਰਵਾਰ ਦੁਪਹਿਰ ਇਕ ਵੱਡੇ ਹਾਦਸੇ ਤੋਂ ਵਾਲ-ਵਾਲ ਬਚ ਗਈ। ਪਿੰਡ ਚੰਨੋਂ ਤੋਂ ਪਹਿਲਾਂ ਹਾਈਵੇਅ 'ਤੇ ਚੱਲੀ ਆ ਰਹੀ ਪ੍ਰਾਈਵੇਟ ਔਰਬਿਟ ਬੱਸ ਨੂੰ ਅਚਾਨਕ ਅੱਗ ਲੱਗ ਗਈ। ਘਟਨਾ ਸਮੇਂ ਬੱਸ ਵਿਚ ਲਗਭਗ 40 ਲੋਕ ਸਫਰ ਕਰ ਰਹੇ ਸਨ ,ਜਿਨ੍ਹਾਂ ਦੀ ਜਾਨ ਬੱਸ ਚਾਲਕ ਦੀ ਸੂਝਬੂਝ ਨਾਲ ਬਚ ਗਈ। ਅੱਗ ਦੀ ਘਟਨਾ ਦਾ ਸਮੇਂ ਰਹਿੰਦੇ ਪਤਾ ਲੱਗਣ ਕਾਰਨ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹਾਲਾਂਕਿ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਬੱਸ ਨੂੰ ਲੱਗੀ ਅੱਗ 'ਤੇ ਮੁਸ਼ਕਿਲ ਨਾਲ ਕਾਬੂ ਪਾਇਆ ਪਰ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਗਈ ਸੀ।
ਜਾਣਕਾਰੀ ਅਨੁਸਾਰ ਉਕਤ ਬੱਸ ਦੇ ਚਾਲਕ ਨੇ ਪਿੰਡ ਚੰਨੋ ਨੇੜੇ ਚੱਲਦੀ ਬੱਸ ਦੇ ਪਿਛਲੇ ਹਿੱਸੇ ਤੋਂ ਧੂੰਆਂ ਨਿਕਲਦਾ ਅਤੇ ਕਿਸੇ ਚੀਜ਼ ਦੇ ਸੜਨ ਦੀ ਬਦਬੂ ਮਹਿਸੂਸ ਕੀਤੀ। ਅੱਗ ਤੇਜ਼ੀ ਨਾਲ ਫੈਲਣੀ ਸ਼ੁਰੂ ਹੋ ਗਈ ਤੇ ਦੇਖਦੇ ਹੀ ਦੇਖਦੇ ਅੱਗ ਨੇ ਬੱਸ ਦੇ ਪਿਛਲੇ ਪਾਸੇ ਰੱਖੇ ਇੰਜਣ ਤੇ ਏ.ਸੀ. ਵਾਲੇ ਕੈਬਿਨ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਿਸ ਸਬੰਧੀ ਪਤਾ ਲੱਗਣ 'ਤੇ ਬੱਸ ਡਰਾਇਵਰ ਸਮੇਤ ਬੱਸ 'ਚ ਮੌਜੂਦ ਚਾਲਕ ਦਲ ਦੇ ਹੋਰ ਮੈਂਬਰਾਂ ਨੇ ਹਾਈਵੇਅ 'ਤੇ ਸਥਿਤ ਇਕ ਢਾਬੇ ਦੇ ਨੇੜੇ ਸੁਰੱਖਿਅਤ, ਖੁੱਲ੍ਹੇ ਖੇਤਰ ਵਿਚ ਬੱਸ ਨੂੰ ਰੋਕਿਆ ਤੇ ਤੁਰੰਤ ਯਾਤਰੀਆਂ ਨੂੰ ਬੱਸ 'ਚੋਂ ਉਤਰਨ ਲਈ ਆਖਿਆ। ਮੌਕੇ 'ਤੇ ਹੋਰ ਲੋਕਾਂ ਦੀ ਮਦਦ ਨਾਲ ਬੱਸ ਦੇ ਕੈਬਿਨ 'ਚ ਪਏ ਯਾਤਰੀਆਂ ਦੇ ਸਾਮਾਨ ਵੀ ਕੱਢਿਆ ਗਿਆ। ਕੁੱਝ ਹੀ ਮਿੰਟਾਂ ਵਿਚ ਅੱਗ ਹੋਰ ਭੜਕ ਗਈ ਜਿਸਨੇ ਲਗਭਗ ਪੂਰੀ ਬੱਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਖੁਸ਼ਕਿਸਮਤੀ ਰਹੀ ਕਿ ਬੱਸ ਦੇ ਸਾਰੇ ਮੁਸਾਫਿਰ ਸਮੇਂ ਸਿਰ ਬਾਹਰ ਨਿਕਲਣ ਵਿਚ ਕਾਮਯਾਬ ਰਹੇ ਨਹੀਂ ਤਾਂ ਵੱਡੀ ਅਣਹੋਣੀ ਵਾਪਰਨੀ ਸੀ।
ਬੱਸ ਡਰਾਈਵਰ ਅਰਵਿੰਦਰ ਸਿੰਘ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ। ਸ਼ੁਰੂਆਤੀ ਅਨੁਮਾਨਾਂ ਅਨੁਸਾਰ ਬੱਸ ਦੇ ਏ.ਸੀ. ਸਿਸਟਮ ਵਿਚ ਤਕਨੀਕੀ ਖਰਾਬੀ ਕਾਰਨ ਅੱਗ ਦੀ ਘਟਨਾ ਸਾਹਮਣੇ ਆਈ। ਸੂਚਨਾ ਮਿਲਣ 'ਤੇ ਸੰਗਰੂਰ ਤੋਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੌਕੇ ਉਪਰ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
