ਪੰਜਾਬ: ਗਰੀਬ ਮਾਪਿਆਂ ਤੋਂ ਨਹੀਂ ਭਰ ਹੋਈ ਕਾਲਜ ਦੀ ਫ਼ੀਸ! ਫ਼ਿਰ 23 ਸਾਲਾ ਵਿਦਿਆਰਥਣ ਨੇ ਜੋ ਕੀਤਾ...
Thursday, Dec 04, 2025 - 11:23 AM (IST)
ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਇਤਿਹਾਸਿਕ ਪਿੰਡ ਠੀਕਰੀਵਾਲ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 23 ਸਾਲਾ ਕਾਲਜ ਵਿਦਿਆਰਥਣ ਰਮਨਦੀਪ ਕੌਰ, ਪੁੱਤਰੀ ਭੋਲਾ ਸਿੰਘ, ਨੇ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਆਪਣੇ ਘਰ ਵਿਚ ਖੁਦਕੁਸ਼ੀ ਕਰ ਲਈ। ਇਸ ਮੌਕੇ ਥਾਣਾ ਸਦਰ ਬਰਨਾਲਾ ਦੇ ਮੁਖੀ ਜਗਜੀਤ ਸਿੰਘ ਘੁੰਮਣ ਅਤੇ ਏ.ਐੱਸ.ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਮਨਦੀਪ ਕੌਰ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਸੀ ਅਤੇ ਬਰਨਾਲਾ ਦੇ ਇਕ ਕਾਲਜ ਵਿਚ ਪੜ੍ਹਦੀ ਸੀ। ਕਾਲਜ ਦੀ ਫੀਸ ਨਾ ਭਰਨ ਕਾਰਨ ਉਹ ਪਿਛਲੇ ਕੁਝ ਸਮਿਆਂ ਤੋਂ ਗੰਭੀਰ ਮਾਨਸਿਕ ਤਣਾਅ ਵਿਚ ਸੀ, ਜਿਸ ਕਰਕੇ ਉਸ ਨੇ ਆਪਣਾ ਜੀਵਨ ਖ਼ਤਮ ਕਰਨ ਜਿਹਾ ਖੌਫਨਾਕ ਕਦਮ ਚੁੱਕ ਲਿਆ। ਮ੍ਰਿਤਕ ਦੀ ਮਾਤਾ ਰਾਣੀ ਕੌਰ ਦੇ ਬਿਆਨਾਂ ਦੇ ਅਧਾਰ ’ਤੇ ਪੁਲਸ ਵੱਲੋਂ ਧਾਰਾ 194 ਬੀ. ਐੱਨ. ਐੱਸ. ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਸਸਕਾਰ ਲਈ ਪਰਿਵਾਰ ਹਵਾਲੇ ਕਰ ਦਿੱਤੀ ਹੈ।
ਨੌਜਵਾਨ ਲੜਕੀ ਆਪਣੇ ਪਿੱਛੇ ਮਾਤਾ, ਪਿਤਾ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੂੰ ਰੋਂਦਿਆਂ ਛੱਡ ਗਈ ਹੈ। ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਤੇ ਹਲਕਾ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਉਨ੍ਹਾਂ ਨੇ ਇਸ ਘਟਨਾ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਸੂਬਾ ਸਰਕਾਰ ਤੇ ਸਵਾਲ ਉਠਾਏ। ਇਲਾਕੇ ਵਿਚ ਇਸ ਘਟਨਾ ਕਾਰਨ ਗੰਭੀਰ ਸੋਗ ਦੀ ਲਹਿਰ ਹੈ ਅਤੇ ਲੋਕਾਂ ਨੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਫੀਸ ਮੁਆਫ਼ੀ ਅਤੇ ਵਿੱਤੀ ਸਹਾਇਤਾ ਦੇ ਪੱਕੇ ਪ੍ਰਬੰਧ ਕੀਤੇ ਜਾਣ, ਤਾਂ ਜੋ ਕੋਈ ਹੋਰ ਰਮਨਦੀਪ ਕੌਰ ਵਾਂਗ ਆਪਣੀ ਜ਼ਿੰਦਗੀ ਨਾ ਗੁਆਵੇ।
