ਹਾਏ ਓ ਰੱਬਾ, ਇੰਨਾ ਕਹਿਰ! Birthday Party ਮਗਰੋਂ ਮਾਵਾਂ-ਧੀਆਂ ਨਾਲ ਵਾਪਰ ਗਈ ਅਣਹੋਣੀ

Tuesday, Dec 16, 2025 - 11:09 AM (IST)

ਹਾਏ ਓ ਰੱਬਾ, ਇੰਨਾ ਕਹਿਰ! Birthday Party ਮਗਰੋਂ ਮਾਵਾਂ-ਧੀਆਂ ਨਾਲ ਵਾਪਰ ਗਈ ਅਣਹੋਣੀ

ਤਪਾ ਮੰਡੀ (ਸ਼ਾਮ ਗਰਗ)- ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਸਥਿਤ ਗੰਦੇ ਨਾਲੇ ਦੇ ਨੇੜੇ 15-16 ਦੀ ਅੱਧੀ ਰਾਤ ਨੂੰ ਦੋਸਤ ਦੇ ਜਨਮ ਦਿਨ ਦੀ ਪਾਰਟੀ ‘ਚ ਸ਼ਾਮਲ ਹੋਣ ਉਪਰੰਤ ਵਾਪਸ ਪਰਤ ਰਹੇ ਪਰਿਵਾਰ ਦੀ ਕਾਰ ਟਰੱਕ ਨਾਲ ਟਕਰਾਉਣ ‘ਤੇ ਡੇਢ ਸਾਲ ਦੀ ਬੱਚੀ ਤੇ ਉਸ ਦੀ ਮਾਂ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਵਿਚ ਬੱਚੀ ਦੇ ਪਿਤਾ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਜਿਉਂ ਹੀ ਅੱਜ ਸਵੇਰੇ-ਸਵੇਰੇ ਇਸ ਹਾਦਸੇ ਦੀ ਸੂਚਨਾ ਤਪਾ ਮੰਡੀ ‘ਚ ਸੁਣੀ ਤਾਂ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।  

ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਪੁੱਤਰ ਪਿਆਰਾ ਲਾਲ ਬਦਰੇ ਵਾਲਾ ਆਪਣੀ ਪਤਨੀ ਵਿਸ਼ਾਲੀ ਅਤੇ ਡੇਢ ਸਾਲਾਂ ਦੀ ਧੀ ਮਾਇਰਾ ਨਾਲ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ‘ਚ ਸ਼ਾਮਲ ਹੋ ਕੇ ਵਾਪਸ ਕਾਰ ‘ਚ ਤਪਾ ਵੱਲ ਆ ਰਹੇ ਸੀ। ਜਦੋਂ ਉਹ ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਸਥਿਤ ਗੰਦੇ ਨਾਲੇ ਕੋਲ ਪੁੱਜੇ ਤਾਂ ਉਨ੍ਹਾਂ ਦੀ ਗੱਡੀ ਦੀ ਅੱਗੇ ਜਾ ਰਹੇ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਟਰੱਕ ਦੇ ਹੇਠਾਂ ਜਾ ਫਸੀ। ਰਾਹਗੀਰਾਂ ਨੇ ਇਸ ਹਾਦਸੇ ਦੀ ਸੂਚਨਾ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਦਿੱਤੀ ਤਾਂ ਤੁਰੰਤ ਸਹਾਇਕ ਥਾਣੇਦਾਰ ਗੁਰਬਖਸ਼ ਸਿੰਘ ਦੀ ਅਗਵਾਈ ‘ਚ ਸੜਕ ਸੁਰੱਖਿਆ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਲੋਕਾਂ ਦੀ ਸਹਾਇਤਾ ਨਾਲ ਕਾਰ ਨੂੰ ਟਰੱਕ ਹੇਠੋਂ ਕੱਢਕੇ ਸਵਾਰ ਨੂੰ ਤੁਰੰਤ ਬੀ.ਐੱਮ.ਸੀ. ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ, ਪਰ ਡੇਢ ਸਾਲਾ ਬੱਚੀ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਈ। 

PunjabKesari

ਪਤੀ-ਪਤਨੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡੀ.ਐੱਮ.ਸੀ ਲੁਧਿਆਣਾ ਰੈਫਰ ਕਰ ਦਿੱਤਾ, ਪਰ ਡੀ.ਐੱਮ.ਸੀ ਲੁਧਿਆਣਾ ਵਿਖੇ ਵਿਸ਼ਾਲੀ ਦੀ ਵੀ ਮੌਤ ਹੋ ਗਈ। ਨਰੇਸ਼ ਕੁਮਾਰ ਪੁੱਤਰ ਪਿਆਰਾ ਲਾਲ ਗੰਭੀਰ ਹਾਲਤ ‘ਚ ਜ਼ੇਰੇ ਇਲਾਜ ਹੈ। ਘਟਨਾ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ‘ਚ ਮੰਡੀ ਨਿਵਾਸੀ ਅਤੇ ਸਕੇ ਸਬੰਧੀ ਘਟਨਾ ਥਾਂ ਤੇ ਪਹੁੰਚ ਗਏ। ਟਰੱਕ ਡਰਾਇਵਰ ਮੌਕੇ ‘ਤੇ ਫਰਾਰ ਹੋ ਗਿਆ।  ਇਨ੍ਹਾਂ ਦੀ ਮੌਤ ‘ਤੇ ਵਿਧਾਇਕ ਲਾਭ ਸਿੰਘ ਉਗੋਕੇ,ਨਗਰ ਕੌਸਲ ਤਪਾ ਦੇ ਪ੍ਰਧਾਨ ਡਾ.ਸੋਨਿਕਾ ਬਾਂਸਲ ਪਤੀ ਡਾ.ਬਾਲ ਚੰਦ ਬਾਂਸਲ,ਵਾਰਡ ਕੌਸਲਰ ਤਰਲੋਚਨ ਬਾਂਸਲ,ਸ਼ੈਲਰ ਐਸੋ. ਦੇ ਪ੍ਰਧਾਨ ਸੰਜੀਵ ਟਾਂਡਾ, ਆੜ੍ਹਤੀਆ ਐਸੋ. ਦੇ ਪ੍ਰਧਾਨ ਸੁਰੇਸ ਕੁਮਾਰ ਕਾਲਾ, ਅੱਗਰਵਾਲ ਸਭਾ ਦੇ ਪ੍ਰਧਾਨ ਮਦਨ ਲਾਲ ਗਰਗ ਨੇ ਹਾਦਸੇ ‘ਚ ਮਰੇ ਪਰਿਵਾਰ ਨਾਲ ਡੂੰਘਾ ਅਫਸੋਸ ਪ੍ਰਗਟ ਕੀਤਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 


author

Anmol Tagra

Content Editor

Related News