ਚੋਰੀ ਕਾਂਡ ''ਚ ਵੱਡਾ ਖੁਲਾਸਾ: ਨਿਕਲੀ ਨਕਲੀ ਪੁਲਸ ਵੱਲੋਂ ਬਰਾਮਦ ਕੀਤੀ ਚਾਂਦੀ, ਹੁਣ ਜਿਊਲਰ ਹੀ...
Tuesday, Mar 10, 2026 - 08:27 PM (IST)
ਬਠਿੰਡਾ, (ਵਿਜੈ, ਪਰਮਿੰਦਰ)- ਮਹਾਨਗਰ ਦੇ ਪ੍ਰਤਾਪ ਨਗਰ ਇਲਾਕੇ ਵਿੱਚ ਜਿਊਲਰ ਦੁਕਾਨ ਵਿੱਚ ਹੋਈ ਲੱਖਾਂ ਰੁਪਏ ਦੀ ਚੋਰੀ ਦੇ ਮਾਮਲੇ ਵਿੱਚ ਉਸ ਵੇਲੇ ਨਵਾਂ ਅਤੇ ਹੈਰਾਨ ਕਰਨ ਵਾਲਾ ਮੋੜ ਆ ਗਿਆ, ਜਦੋਂ ਪੁਲਸ ਵੱਲੋਂ ਬਰਾਮਦ ਕੀਤੀ ਗਈ ਚਾਂਦੀ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਪੁਲਸ ਦੇ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਚੋਰਾਂ ਨੇ ਚੋਰੀ ਦੀ ਚਾਂਦੀ ਅਹਿਮਦਗੜ੍ਹ ਭੇਜ ਦਿੱਤੀ ਸੀ, ਜਿੱਥੇ ਉਸਨੂੰ ਪਿਘਲਾ ਕੇ ਨਵੀਂ ਚਾਂਦੀ ਦੇ ਰੂਪ ਵਿੱਚ ਤਿਆਰ ਕੀਤਾ ਗਿਆ।
ਜਦੋਂ ਇਹ ਚਾਂਦੀ ਪੀੜਤ ਪਾਰਸ ਜਿਊਲਰਜ਼ ਦੇ ਮਾਲਕ ਗੁਰਮੀਤ ਸਿੰਘ ਨੂੰ ਦਿਖਾਈ ਗਈ ਤਾਂ ਉਨ੍ਹਾਂ ਨੇ ਇਸਨੂੰ ਨਕਲੀ ਚਾਂਦੀ ਦੱਸਦੇ ਹੋਏ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮਾਮਲੇ ਨੇ ਨਵਾਂ ਰੂਪ ਧਾਰ ਲਿਆ ਹੈ ਅਤੇ ਹੁਣ ਸਵਾਲ ਉੱਠਣ ਲੱਗੇ ਹਨ ਕਿ ਕੀ ਚੋਰੀ ਹੋਈ ਚਾਂਦੀ ਹੀ ਨਕਲੀ ਸੀ।
ਪੁਲਸ ਦੇ ਅਨੁਸਾਰ ਗੁਰਮੀਤ ਸਿੰਘ ਦੇ ਖ਼ਿਲਾਫ਼ ਸਾਲ 2020 ਵਿੱਚ ਵੀ ਨਕਲੀ ਗਹਿਣੇ ਬਣਾਉਣ ਦਾ ਮਾਮਲਾ ਦਰਜ ਹੋ ਚੁੱਕਾ ਹੈ। ਇੰਨਾ ਹੀ ਨਹੀਂ, ਇਸ ਮਾਮਲੇ ਵਿੱਚ ਜੁਵੈਲਰ ਵੱਲੋਂ ਦਿੱਤੇ ਗਏ ਬਿੱਲ ਵੀ ਹੁਣ ਜਾਂਚ ਦੇ ਘੇਰੇ ਵਿੱਚ ਆ ਗਏ ਹਨ।
ਪੁਲਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਕਰੀਬ ਇਕ ਦਰਜਨ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਪੁਲਸ ਦਾ ਕਹਿਣਾ ਹੈ ਕਿ ਚੋਰੀ ਵਿੱਚ ਸ਼ਾਮਲ ਪੂਰਾ ਗਿਰੋਹ ਸੰਗਠਿਤ ਤਰੀਕੇ ਨਾਲ ਕੰਮ ਕਰਦਾ ਹੈ ਅਤੇ ਇਸ ਦੀਆਂ ਕੜੀਆਂ ਹੋਰ ਸ਼ਹਿਰਾਂ ਨਾਲ ਵੀ ਜੁੜੀਆਂ ਹੋ ਸਕਦੀਆਂ ਹਨ।
ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਇਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਹਰ ਪੱਖ ਨੂੰ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਸਾਰੇ ਤੱਥ ਸਾਹਮਣੇ ਲਿਆ ਕੇ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਪ੍ਰਤਾਪ ਨਗਰ ਮਾਰਕੀਟ ਵਿੱਚ ਜਿਊਲਰ ਦੁਕਾਨ ਵਿੱਚ ਚੋਰੀ ਦੀ ਘਟਨਾ ਤੋਂ ਬਾਅਦ ਵਪਾਰੀਆਂ ਨੇ ਪੁਲਸ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਦੁਕਾਨਾਂ ‘ਤੇ ‘ਦੁਕਾਨ ਬਿਕਾਊ’ ਦੇ ਪੋਸਟਰ ਤੱਕ ਲਗਾ ਦਿੱਤੇ ਸਨ।
