ਇਕੋ ਰਾਤ 8 ਦੁਕਾਨਾਂ ''ਚ ਚੋਰੀ

Saturday, Jan 20, 2018 - 08:15 AM (IST)

ਮਲੋਟ  (ਵਿਕਾਸ) - ਚੋਰਾਂ ਵਲੋਂ ਵੱਖ-ਵੱਖ ਥਾਵਾਂ 'ਤੇ ਬੀਤੀ ਰਾਤ 8 ਦੁਕਾਨਾਂ 'ਚ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਲੋਟ ਵਿਖੇ ਚੋਰਾਂ ਦੇ ਹੌਸਲੇ ਕਿਸ ਤਰ੍ਹਾਂ ਬੁਲੰਦ ਹਨ ਇਸ ਦਾ ਪਤਾ ਬੀਤੀ ਰਾਤ 'ਸੁਰਜਾ ਰਾਮ ਮਾਰਕੀਟ' ਵਿਖੇ ਚੋਰਾਂ ਵਲੋਂ 3 ਆੜ੍ਹਤ ਦੀਆਂ ਦੁਕਾਨਾਂ ਅਤੇ 1 ਕੰਪਿਊਟਰ ਸੈਂਟਰ ਸਮੇਤ 4 ਦੁਕਾਨਾਂ ਦੇ ਅੰਦਰ ਦਾਖਲ ਹੋ ਕੇ ਸਾਮਾਨ ਚੋਰੀ ਕਰ ਕੇ ਲੈ ਜਾਣ ਤੋਂ ਲੱਗਦਾ ਹੈ । ਇੰਨਾ ਹੀ ਨਹੀਂ, ਚੋਰ ਹੋਰ ਸਾਮਾਨ ਦੇ ਨਾਲ-ਨਾਲ ਇਕ ਆੜ੍ਹਤੀ ਦੀ ਸੇਫ ਵੀ ਲੈ ਗਏ।
ਮਿਲੀ ਜਾਣਕਾਰੀ ਮੁਤਾਬਿਕ ਸਥਾਨਕ 'ਸੁਰਜਾ ਰਾਮ ਮਾਰਕੀਟ' ਵਿਖੇ ਚੋਰ ਆੜ੍ਹਤ ਦੀ ਦੁਕਾਨ 'ਧੰਨਾ ਰਾਮ ਕੁਲਵੰਤ ਰਾਏ' ਵਿਚ ਪੌੜੀਆਂ ਰਾਹੀਂ ਦਾਖਲ ਹੋਏ ਅਤੇ ਦੁਕਾਨ ਦੇ ਤਾਲੇ ਤੋੜ ਕੇ ਸਾਮਾਨ ਨੂੰ ਉਥਲ-ਪੁਥਲ ਕਰ ਦਿੱਤਾ ਅਤੇ ਦੁਕਾਨ ਵਿਚ ਪਏ ਕੁਝ ਚਾਂਦੀ ਦੇ ਸਿੱਕੇ ਅਤੇ ਜਿਮ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਇਸ ਤੋਂ ਇਲਾਵਾ ਚੋਰਾਂ ਨੇ Îਇਕ ਹੋਰ ਆੜ੍ਹਤ ਦੀ ਦੁਕਾਨ 'ਅਜਾਇਬ ਸਿੰਘ ਇਕਬਾਲ ਸਿੰਘ' ਤੋਂ ਵੀ ਬੈਟਰੀ ਅਤੇ ਇਨਵਰਟਰ ਚੋਰੀ ਕੀਤਾ ਅਤੇ ਆੜ੍ਹਤ ਦੀ ਇਕ ਹੋਰ ਦੁਕਾਨ 'ਸਤਿੰਦਰ ਸਿੰਘ ਹਰਦੀਪ ਸਿੰਘ' 'ਚੋਂ ਚੋਰ ਬੈਟਰੀ, ਐੱਲ.ਸੀ.ਡੀ., ਗੈਸ ਸਿਲੰਡਰ ਅਤੇ ਇਕ ਕੁਇੰਟਲ ਵਜ਼ਨੀ ਸੇਫ ਵੀ ਚੋਰੀ ਕਰ ਕੇ ਲੈ ਗਏ । ਇਸ ਦੁਕਾਨ ਵਿਚ ਚੋਰਾਂ ਨੇ ਦੂਜੀ ਸੇਫ ਨੂੰ ਵੀ ਖੋਲ੍ਹਣ ਦਾ ਯਤਨ ਕੀਤਾ ਪਰ ਨਾਕਾਮ ਰਹੇ । ਇਸ ਦੇ ਨਾਲ ਹੀ ਚੋਰਾਂ ਨੇ ਚੌਬਾਰੇ 'ਤੇ ਸਥਿਤ ਕੰਪਿਊਟਰ ਸੈਂਟਰ ਦੇ ਤਾਲੇ ਨੂੰ ਤੋੜਨ ਦਾ ਯਤਨ ਕੀਤਾ ਅਤੇ ਦਰਵਾਜ਼ੇ ਦਾ ਸ਼ੀਸ਼ਾ ਤੋੜ ਕੇ ਸੈਂਟਰ ਅੰਦਰ ਦਾਖਲ ਹੋਏ । ਚੋਰਾਂ ਵਲੋਂ ਉਕਤ ਦੁਕਾਨਾਂ ਨੂੰ ਪਿੱਛੇ ਲੱਗਦੇ ਦਰਵਾਜ਼ੇ ਰਾਹੀਂ ਨਿਸ਼ਾਨਾ ਬਣਾਇਆ ਗਿਆ । ਚੋਰਾਂ ਦੇ ਹੌਸਲੇ ਕਿਸ ਤਰ੍ਹਾਂ ਬੁਲੰਦ ਹਨ, ਇਸ ਦਾ ਪਤਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਕੁਝ ਦਿਨ ਪਹਿਲਾਂ ਵੀ 'ਮੰਡੀ ਹਰਜੀ ਰਾਮ' ਵਿਚੋਂ ਚੋਰ ਇਕ ਖਾਦ ਵਿਕ੍ਰੇਤਾ ਗਿਰਧਾਰੀ ਲਾਲ ਦੀ ਵਰਨਾ ਕਾਰ ਨੂੰ ਘਰ ਦੇ ਬਾਹਰੋਂ ਕਾਰ ਮਗਰ ਟੋਚਨ ਪਾ ਕੇ ਚੋਰੀ ਕਰ ਕੇ ਲੈ ਗਏ ਸਨ ਅਤੇ ਬੀਤੀ ਰਾਤ ਚੋਰਾਂ ਨੇ ਉਕਤ ਘਟਨਾ ਨੂੰ ਅੰਜਾਮ ਦੇ ਦਿੱਤਾ  ਜਿਸ ਨਾਲ ਸ਼ਹਿਰ ਵਾਸੀਆਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਉਕਤ ਘਟਨਾ ਦੀ ਸੂਚਨਾ ਮਿਲਣ 'ਤੇ ਮਲੋਟ ਥਾਣਾ ਸਿਟੀ ਦੇ ਐੱਸ.ਐੱਚ.ਓ. ਬੂਟਾ ਸਿੰਘ ਮੌਕੇ 'ਤੇ ਪਹੁੰਚ ਗਏ ਅਤੇ ਘਟਨਾ ਸਥਾਨ ਦਾ ਜਾਇਜ਼ਾ
ਲਿਆ । ਇਸ ਤੋਂ ਇਲਾਵਾ ਐੱਸ.ਪੀ. ਮਲੋਟ ਨੇ ਵੀ ਮੌਕੇ ਦਾ ਜਾਇਜ਼ਾ ਲਿਆ ।
ਸਾਦਿਕ, (ਪਰਮਜੀਤ)- ਇਸੇ ਤਰ੍ਹਾਂ ਬੀਤੀ ਰਾਤ ਚੋਰਾਂ ਵੱਲੋਂ ਧੁੰਦ ਅਤੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਸਥਾਨਕ ਦੋ ਵੱਖ-ਵੱਖ ਸੜਕਾਂ 'ਤੇ ਚਾਰ ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦੀ ਅਤੇ ਸਾਮਾਨ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।   ਜਾਣਕਾਰੀ ਅਨੁਸਾਰ ਫਿਰੋਜ਼ਪੁਰ ਵਾਲੀ ਸੜਕ 'ਤੇ ਰੁਲਦੂ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਢਿੱਲਵਾਂ ਖੁਰਦ ਅਤੇ ਯਾਦਵਿੰਦਰ ਸਿੰਘ ਕਾਲਾ ਪੁੱਤਰ ਨਛੱਤਰ ਸਿੰਘ ਪਿੰਡ ਬੀਹਲੇਵਾਲਾ ਦੀਆਂ ਦੋ ਦੁਕਾਨਾਂ ਦੇ ਚੋਰਾਂ ਵੱਲੋਂ ਸ਼ਟਰ ਤੋੜ ਕੇ ਅੰਦਰੋਂ ਤਾਂਬਾ ਅਤੇ ਸਪੇਅਰ ਪਾਰਟਸ ਚੋਰੀ ਕਰ ਲਿਆ ਗਿਆ। ਇਨ੍ਹਾਂ ਦੁਕਾਨਾਂ ਦੇ ਗੱਲੇ ਵੀ ਤੋੜੇ ਗਏ, ਜਿਸ 'ਚ ਤਿੰਨ-ਚਾਰ ਸੌ ਰੁਪਏ ਸਨ, ਵੀ ਚੋਰ ਲੈ ਗਏ। ਇਸ ਤੋਂ ਬਾਅਦ ਚੋਰਾਂ ਨੇ ਗੁਰੂਹਰਸਹਾਏ ਵਾਲੀ ਸੜਕ 'ਤੇ ਸਥਿਤ ਸਵੇਰੇ 5 ਵਜੇ ਗੁਲਸ਼ਨ ਕੁਮਾਰ ਨਰੂਲਾ ਦੀਆਂ ਦੋ ਦੁਕਾਨਾਂ ਦੇ ਸ਼ਟਰ ਤੋੜੇ। ਪਹਿਲੀ ਦੁਕਾਨ ਵਿਚ ਸੀਮੈਂਟ  ਹੋਣ ਤੋਂ ਬਾਅਦ ਚੋਰਾਂ ਨੇ ਦੂਸਰੀ ਦੁਕਾਨ ਦਾ ਸ਼ਟਰ ਤੋੜਿਆ ਅਤੇ ਅੰਦਰ ਦਾਖਲ ਹੋ ਕੇ ਵੱਖ-ਵੱਖ ਥਾਵਾਂ 'ਤੇ ਪਈ ਕਰੀਬ 15 ਹਜ਼ਾਰ ਰੁਪਏ ਦੀ ਨਕਦੀ ਚੋਰੀ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਦੁਕਾਨ ਦੇ ਬਾਹਰ ਲੱਗਾ ਇਕ ਸੀ. ਸੀ. ਟੀ. ਵੀ. ਕੈਮਰਾ ਤੋੜਿਆ ਅਤੇ ਦੁਕਾਨ ਦੇ ਅੰਦਰਲੇ ਕੈਮਰਿਆਂ ਦੇ ਮੂੰਹ ਉੱਪਰ ਚੁੱਕ ਦਿੱਤੇ। ਫੁਟੇਜ ਮੁਤਾਬਿਕ ਚੋਰਾਂ ਦੀ ਗਿਣਤੀ ਚਾਰ ਸੀ ਅਤੇ ਉਹ ਸਵੇਰੇ 5.36 ਮਿੰਟ ਤੱਕ ਦੁਕਾਨ ਵਿਚ ਰਹੇ। ਘਟਨਾ ਦੀ ਸੂਚਨਾ ਮਿਲਦੇ ਹੀ ਏ. ਐੱਸ. ਆਈ. ਹਰਿੰਦਰ ਸਿੰਘ ਸੰਧੂ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਪੀੜਤ ਦੁਕਾਨਦਾਰਾਂ ਨੂੰ ਥਾਣੇ ਦਰਖਾਸਤ ਦੇਣ ਲਈ ਕਿਹਾ।


Related News