ਬਰਨਾਲਾ 'ਚ ਵਿਆਹ ਸਮਾਗਮ ਦੌਰਾਨ ਫ਼ਾਇਰਿੰਗ, ਵੀਡੀਓ ਵਾਇਰਲ ਹੋਣ 'ਤੇ ਮਾਮਲਾ ਦਰਜ

Thursday, Feb 12, 2026 - 03:57 PM (IST)

ਬਰਨਾਲਾ 'ਚ ਵਿਆਹ ਸਮਾਗਮ ਦੌਰਾਨ ਫ਼ਾਇਰਿੰਗ, ਵੀਡੀਓ ਵਾਇਰਲ ਹੋਣ 'ਤੇ ਮਾਮਲਾ ਦਰਜ

ਬਰਨਾਲਾ (ਪੁਨੀਤ): ਜ਼ਿਲ੍ਹਾ ਬਰਨਾਲਾ ਦੇ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕਲਾਲਾ ਵਿਚ ਇਕ ਵਿਆਹ ਸਮਾਗਮ ਦੌਰਾਨ ਗੋਲ਼ੀਆਂ ਚੱਲਣ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਅਨੁਸਾਰ, ਕਲਾਲਾ ਤੋਂ ਚੌਹਾਣਕੇ ਰੋਡ 'ਤੇ ਸਥਿਤ ਇਕ ਜਗ੍ਹਾ 'ਤੇ ਮਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਦੇ ਵਿਆਹ ਦੀ ਪਾਰਟੀ ਚੱਲ ਰਹੀ ਸੀ। ਇਸ ਦੌਰਾਨ ਇਕ ਅਣਪਛਾਤੇ ਵਿਅਕਤੀ ਵੱਲੋਂ ਆਪਣੇ ਦਸਤੀ ਰਿਵਾਲਵਰ ਨਾਲ ਹਵਾਈ ਫਾਇਰਿੰਗ ਕੀਤੀ ਗਈ, ਜਿਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ।

ਵੀਡੀਓ ਵਾਇਰਲ ਹੋਣ 'ਤੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਹਿਲ ਕਲਾਂ ਦੀ ਪੁਲਸ ਹਰਕਤ ਵਿਚ ਆ ਗਈ। ਡੀ.ਐੱਸ.ਪੀ. ਮਹਿਲ ਕਲਾਂ ਜਸਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁਖ਼ਬਰ ਖ਼ਾਸ ਵੱਲੋਂ ਇਤਲਾਹ ਮਿਲੀ ਸੀ ਕਿ ਇਕ ਵਿਅਕਤੀ ਵਿਆਹ ਦੇ ਫੰਕਸ਼ਨ ਵਿਚ ਫਾਇਰਿੰਗ ਕਰਕੇ ਲੋਕਾਂ ਵਿਚ ਦਹਿਸ਼ਤ ਪੈਦਾ ਕਰ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਪੁਲਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਡੀ.ਐੱਸ.ਪੀ. ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਐੱਸ.ਐੱਚ.ਓ. ਮਹਿਲ ਕਲਾਂ ਸਮੇਤ ਖ਼ੁਦ ਮੌਕੇ 'ਤੇ ਜਾ ਕੇ ਹਾਲਾਤਾਂ ਦੀ ਪੜਤਾਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫਾਇਰਿੰਗ ਕਰਨ ਵਾਲਾ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਪੁਲਸ ਅਧਿਕਾਰੀ ਅਨੁਸਾਰ ਇਸ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਵਾਇਰਲ ਵੀਡੀਓ ਦੀ ਮਦਦ ਨਾਲ ਦੋਸ਼ੀ ਦੀ ਪਛਾਣ ਕਰਕੇ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Anmol Tagra

Content Editor

Related News