ਪੰਜਾਬ ਦੇ ਸਿੱਖਿਆ ਮੰਤਰੀ ਦੇ ਹਲਕੇ ''ਚ ਸੜਕਾਂ ''ਤੇ ਉੱਤਰਣਗੇ ਅਧਿਆਪਕ
Thursday, Feb 12, 2026 - 04:48 PM (IST)
ਸੰਗਰੂਰ (ਸਿੰਗਲਾ)- 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ’ਤੇ ਨੌਕਰੀ ’ਚ ਬਣੇ ਰਹਿਣ ਲਈ ਅਤੇ ਤਰੱਕੀ ਹਾਸਲ ਕਰਨ ਲਈ ਟੈੱਟ (ਟੀਚਰ ਐਲੀਜੀਬਿਲਟੀ ਟੈਸਟ) ਪਾਸ ਕਰਨ ਦੀ ਜਬਰੀ ਤੌਰ ’ਤੇ ਥੌਪੀ ਗਈ ਸ਼ਰਤ ਦੇ ਖਿਲਾਫ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਅੱਗੇ ਜ਼ਿਲਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਸਰਕਾਰ ਵੱਲੋਂ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਫੂਕ ਕੇ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜ਼ੀ ਕੀਤੀ।
ਵੱਡੀ ਗਿਣਤੀ ’ਚ ਇਕੱਠੇ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਅਧਿਆਪਕ ਆਗੂ ਦੇਵੀ ਦਿਆਲ, ਕ੍ਰਿਸ਼ਨ ਸਿੰਘ ਦੁੱਗਾਂ, ਗੁਰਜੰਟ ਸਿੰਘ ਵਾਲੀਆਂ, ਸੁਖਜਿੰਦਰ ਸਿੰਘ ਹਰੀਕਾ, ਸੁਖਵਿੰਦਰ ਗਿਰ, ਦਾਤਾ ਸਿੰਘ ਤੇ ਜੋਤਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ 20-22 ਸਾਲਾਂ ਤੋਂ ਸੇਵਾ ਨਿਭਾਅ ਰਹੇ ਅਧਿਆਪਕਾਂ ’ਤੇ ਅਜਿਹੀ ਸ਼ਰਤ ਲਗਾਉਣਾ ਗੈਰ-ਵਿਗਿਆਨਿਕ ਅਤੇ ਗੈਰ-ਤਰਕਸੰਗਤ ਹੈ ਜੋ ਕਿ ਅਧਿਆਪਕਾਂ ਨਾਲ ਸਰਾਸਰ ਧੋਖਾ ਹੈ ਕਿਉਂਕਿ ਉਸ ਸਮੇਂ ਭਰਤੀ ਕੀਤੇ ਗਏ ਅਧਿਆਪਕ ਤਤਕਾਲ ਸੇਵਾ ਸ਼ਰਤਾਂ ਨਿਯਮਾਂ ਅਨੁਸਾਰ ਆਪਣੀ ਯੋਗਤਾ ਪੂਰੀ ਕਰ ਕੇ ਆਪਣੀ ਸੇਵਾ ’ਚ ਆਏ ਸਨ। ਉਸ ਸਮੇਂ ਅਧਿਆਪਕ ਐਂਟਰੈਂਸ ਟੈਸਟ ਪਾਸ ਕਰ ਕੇ ਜਾਂ ਵਿਭਾਗ ਵੱਲੋਂ ਬਣਾਈ ਵਿਭਾਗੀ ਕਮੇਟੀ ਦੀਆਂ ਨਿਸ਼ਚਿਤ ਸ਼ਰਤਾਂ ਅਤੇ ਨਿਯਮਾਂ ਨੂੰ ਪੂਰਾ ਕਰਨਾ ਉਪਰੰਤ ਸੇਵਾ ’ਚ ਆਏ ਸਨ। ਇਸ ਨੂੰ ਦੇਖਦੇ ਹੋਏ ਅਤੇ ਸੇਵਾ ਵਿਚ ਆਉਣ ਤੋਂ ਬਾਅਦ ਇਹ ਸ਼ਰਤਾਂ ਲਗਾਉਣਾ ਗੈਰ-ਵਾਜਬ ਹੈ।
ਇਸ ਮੌਕੇ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ, ਕੱਚੇ ਅਤੇ ਕੰਟਰੈਕਟ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਬਜਾਏ ਅਤੇ ਬੱਚਿਆਂ ਦੀ ਸਿੱਖਿਆ ਤੋਂ ਧਿਆਨ ਹਟਾ ਕੇ ਅਧਿਆਪਕਾਂ ਨੂੰ ਟੈੱਟ ਦੇ ਪੇਪਰ ’ਚ ਉਲਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਅਧਿਆਪਕਾਂ ਨੂੰ ਨਵੀਂ ਸਿੱਖਿਆ ਨੀਤੀ ਤਹਿਤ ਖੱਜਲ -ਖੁਆਰ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਨ੍ਹਾਂ ਰੋਸ ਪ੍ਰਦਰਸ਼ਨ ਤੋਂ ਸਬਕ ਨਾ ਲਿਆ ਤਾਂ 22 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ’ਚ ਸਮੁੱਚੇ ਪੰਜਾਬ ਤੋਂ ਅਧਿਆਪਕ ਸ਼ਾਮਲ ਹੋਣਗੇ। ਇਸ ਮੌਕੇ ਫਕੀਰ ਸਿੰਘ ਟਿੱਬਾ, ਸੁਖਵਿੰਦਰ ਸਿੰਘ ਢਿੱਲਵਾਂ, ਸਰਬਜੀਤ ਸਿੰਘ ਪੁੰਨਾਵਾਲ, ਵਰਿੰਦਰਜੀਤ ਬਜਾਜ, ਮਨਦੀਪ ਸਿੰਘ, ਸੁਖਜਿੰਦਰ ਸਿੰਘ, ਜਸਬੀਰ ਨਮੋਲ, ਕਮਲਦੀਪ ਸਿੰਘ, ਸਿਵਾਲੀ, ਅਮਨਦੀਪ ਸਿੰਘ ਕਲੇਰ, ਜਸਵਿੰਦਰ ਪਾਲ ਸਿੰਘ, ਸੁਰਿੰਦਰਜੀਤ ਚੰਨੋ, ਅਵਤਾਰ ਸਿੰਘ, ਗੁਰਦਰਸ਼ਨ ਸਿੰਘ, ਪਰਮਿੰਦਰ ਸਿੰਘ, ਰਣਬੀਰ ਜਖੇਪਲ, ਹਰੀਸ ਕੁਮਾਰ, ਰਾਮ ਸਿੰਘ, ਸੌਰਵ ਜੋਸ਼ੀ, ਕਮਲਜੀਤ ਸਿੰਘ, ਬਲਜੀਤ ਸਿੰਘ, ਅਵਤਾਰ ਸਿੰਘ, ਭੁਪਿੰਦਰ ਸਿੰਘ, ਯਾਦਵਿੰਦਰ ਪਾਲ, ਮਨਪ੍ਰੀਤ ਕੌਰ, ਨਿਸਚਲ ਗਰਗ, ਰਸਿਮ ਸ਼ਰਮਾ, ਬਲਵਿੰਦਰ ਸਿੰਘ, ਨਿਰਮਲ ਸਿੰਘ, ਬੱਗਾ ਸਿੰਘ ਅਤੇ ਹੋਰ ਮੌਜੂਦ ਸਨ।
