ਪੰਜਾਬ ਦੇ ਸਿਹਤ ਵਿਭਾਗ ਨੂੰ ਭੁੱਲੀ ਪੰਜਾਬੀ! ਸਰਕਾਰੀ ਬੋਰਡਾਂ ''ਚ ਕੱਢਿਆ ਮਾਂ ਬੋਲੀ ਦਾ ਜਲੂਸ

Saturday, Feb 21, 2026 - 05:02 PM (IST)

ਪੰਜਾਬ ਦੇ ਸਿਹਤ ਵਿਭਾਗ ਨੂੰ ਭੁੱਲੀ ਪੰਜਾਬੀ! ਸਰਕਾਰੀ ਬੋਰਡਾਂ ''ਚ ਕੱਢਿਆ ਮਾਂ ਬੋਲੀ ਦਾ ਜਲੂਸ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਅੱਜ ਜਿੱਥੇ ਪੂਰੀ ਦੁਨੀਆ ਵਿਚ 'ਕੌਮਾਂਤਰੀ ਮਾਂ ਬੋਲੀ ਦਿਵਸ' ਮਨਾਇਆ ਜਾ ਰਿਹਾ ਹੈ ਅਤੇ ਸਮੁੱਚੇ ਪੰਜਾਬੀ ਆਪਣੀ ਭਾਸ਼ਾ 'ਤੇ ਮਾਣ ਮਹਿਸੂਸ ਕਰ ਰਹੇ ਹਨ, ਉੱਥੇ ਹੀ ਸਿਵਿਲ ਹਸਪਤਾਲ ਬਰਨਾਲਾ ਵਿਚ ਲੱਗੇ ਸਰਕਾਰੀ ਬੋਰਡ ਪੰਜਾਬੀ ਮਾਂ ਬੋਲੀ ਦਾ ਸ਼ਰੇਆਮ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਪੰਜਾਬ ਸਰਕਾਰ ਵੱਲੋਂ ਮਰੀਜ਼ਾਂ ਨੂੰ ਸਹੂਲਤਾਂ ਬਾਰੇ ਜਾਗਰੂਕ ਕਰਨ ਲਈ ਲਗਾਏ ਗਏ ਬੋਰਡਾਂ 'ਤੇ ਪੰਜਾਬੀ ਲਿਖਣ ਵੇਲੇ ਕੀਤੀਆਂ ਗਈਆਂ ਗੰਭੀਰ ਗ਼ਲਤੀਆਂ ਸਿਹਤ ਵਿਭਾਗ ਦੇ ਗ਼ੈਰ-ਜ਼ਿੰਮੇਵਾਰਾਨਾ ਰਵੱਈਏ ਦੀ ਕਹਾਣੀ ਬਿਆਨ ਕਰ ਰਹੀਆਂ ਹਨ।

ਸਰਕਾਰੀ ਬੋਰਡਾਂ 'ਤੇ ਭਾਸ਼ਾ ਦਾ ਨਿਕਲਿਆ ਜਲੂਸ

ਹਸਪਤਾਲ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਨੂੰ ਦਵਾਈਆਂ ਦੀ ਉਪਲਬਧਤਾ ਅਤੇ ਸ਼ਿਕਾਇਤ ਦਰਜ ਕਰਵਾਉਣ ਲਈ ਜੋ ਜਾਗਰੂਕਤਾ ਬੋਰਡ ਲਗਾਏ ਗਏ ਹਨ, ਉਨ੍ਹਾਂ ਵਿੱਚ ਸ਼ਬਦਾਂ ਦੀ ਚੋਣ ਅਤੇ ਬਣਤਰ ਬੇਹੱਦ ਸ਼ਰਮਨਾਕ ਹੈ। ਬੋਰਡ ਦੀ ਸ਼ੁਰੂਆਤ ਵਿੱਚ ਹੀ ਵਿਭਾਗ ਦਾ ਨਾਮ ਗ਼ਲਤ ਲਿਖਿਆ ਗਿਆ ਹੈ। 'ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ' ਦੀ ਜਗ੍ਹਾ ਇੱਥੇ 'ਪੰਜਾਬ ਹੈਲਥ ਸਿਸਟੇਮਜ਼ ਕਾਰਪੋਰੇਸ਼ਨ' ਲਿਖ ਕੇ ਮਾਂ ਬੋਲੀ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।

'ਸੰਦੇਸ਼' ਬਣਿਆ 'ਸੰਦੇਸ' ਅਤੇ 'ਸ਼ਿਕਾਇਤ' ਬਣੀ 'ਸਿਕਾਇਤ'

ਹੱਦ ਤਾਂ ਉਦੋਂ ਹੋ ਗਈ ਜਦੋਂ ਮਰੀਜ਼ਾਂ ਨੂੰ ਦਿੱਤੇ ਜਾਣ ਵਾਲੇ 'ਸੰਦੇਸ਼' ਨੂੰ 'ਸੰਦੇਸ' ਲਿਖ ਦਿੱਤਾ ਗਿਆ। ਇੰਨਾ ਹੀ ਨਹੀਂ, ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਣ 'ਤੇ ਮਰੀਜ਼ਾਂ ਨੂੰ 'ਸ਼ਿਕਾਇਤ' ਕਰਨ ਲਈ ਕਿਹਾ ਗਿਆ ਹੈ, ਪਰ ਬੋਰਡ 'ਤੇ ਇਸ ਨੂੰ 'ਸਿਕਾਇਤ' ਲਿਖਿਆ ਹੋਇਆ ਹੈ। ਪੰਜਾਬੀ ਭਾਸ਼ਾ ਵਿੱਚ 'ਸ਼' (ਸ ਪੈਰ ਬਿੰਦੀ) ਦੀ ਆਪਣੀ ਮਹੱਤਤਾ ਹੈ, ਪਰ ਸਰਕਾਰੀ ਬੋਰਡ ਤਿਆਰ ਕਰਨ ਵਾਲਿਆਂ ਨੇ ਇਸ ਬੁਨਿਆਦੀ ਨਿਯਮ ਨੂੰ ਵੀ ਛਿੱਕੇ ਟੰਗ ਦਿੱਤਾ ਹੈ।

ਪੰਜਾਬੀ ਪ੍ਰੇਮੀਆਂ ਵਿਚ ਭਾਰੀ ਰੋਸ

ਹਸਪਤਾਲ ਆਉਣ ਵਾਲੇ ਮਰੀਜ਼ਾਂ ਅਤੇ ਸਥਾਨਕ ਪੰਜਾਬੀ ਪ੍ਰੇਮੀਆਂ ਨੇ ਇਸ 'ਤੇ ਸਖ਼ਤ ਨਿਖੇਧੀ ਜਤਾਈ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਪੰਜਾਬੀ ਨੂੰ ਹਰ ਦਫ਼ਤਰ ਵਿੱਚ ਮੁੱਖ ਭਾਸ਼ਾ ਵਜੋਂ ਲਾਗੂ ਕਰਨ ਦੇ ਦਾਅਵੇ ਕਰ ਰਹੀ ਹੈ ਅਤੇ ਮਾਂ ਬੋਲੀ ਦਿਵਸ 'ਤੇ ਵੱਡੇ ਸਮਾਗਮ ਉਲੀਕੇ ਜਾ ਰਹੇ ਹਨ, ਪਰ ਦੂਜੇ ਪਾਸੇ ਸਰਕਾਰੀ ਅਦਾਰਿਆਂ ਵਿੱਚ ਹੀ ਭਾਸ਼ਾ ਦਾ ਇਸ ਤਰ੍ਹਾਂ ਘਾਣ ਕੀਤਾ ਜਾ ਰਿਹਾ ਹੈ। ਇਹ ਗ਼ਲਤੀਆਂ ਸਾਬਤ ਕਰਦੀਆਂ ਹਨ ਕਿ ਬੋਰਡ ਲਗਾਉਣ ਸਮੇਂ ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਨੇ ਇਸ ਦੀ ਪੜਤਾਲ ਕਰਨੀ ਲਾਜ਼ਮੀ ਨਹੀਂ ਸਮਝੀ।

ਲੋਕਾਂ ਨੇ ਮੰਗ ਕੀਤੀ ਹੈ ਕਿ ਮਾਂ ਬੋਲੀ ਦਿਵਸ ਮੌਕੇ ਪ੍ਰਸ਼ਾਸਨ ਆਪਣੀ ਗ਼ਲਤੀ ਸੁਧਾਰੇ ਅਤੇ ਇਨ੍ਹਾਂ ਗ਼ਲਤ ਬੋਰਡਾਂ ਨੂੰ ਤੁਰੰਤ ਹਟਾ ਕੇ ਸ਼ੁੱਧ ਪੰਜਾਬੀ ਵਿਚ ਨਵੇਂ ਬੋਰਡ ਲਗਾਏ ਜਾਣ। ਮਾਂ ਬੋਲੀ ਦਾ ਸਤਿਕਾਰ ਕੇਵਲ ਭਾਸ਼ਣਾਂ ਤੱਕ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਸਰਕਾਰੀ ਕੰਮਕਾਜ ਵਿਚ ਵੀ ਇਸ ਦੀ ਸ਼ੁੱਧਤਾ ਕਾਇਮ ਰਹਿਣੀ ਚਾਹੀਦੀ ਹੈ।


author

Anmol Tagra

Content Editor

Related News