ਕੇਂਦਰੀ ਯੋਜਨਾ ਵਿਚ ਵੱਡੀ ਘਪਲੇਬਾਜ਼ੀ ਦੇ ਦੋਸ਼, ਸਵੇਰੇ-ਸਵੇਰੇ ਵੱਜਿਆ ਛਾਪਾ

Monday, Feb 16, 2026 - 05:11 PM (IST)

ਕੇਂਦਰੀ ਯੋਜਨਾ ਵਿਚ ਵੱਡੀ ਘਪਲੇਬਾਜ਼ੀ ਦੇ ਦੋਸ਼, ਸਵੇਰੇ-ਸਵੇਰੇ ਵੱਜਿਆ ਛਾਪਾ

ਤਪਾ ਮੰਡੀ (ਸ਼ਾਮ,ਗਰਗ)- ਚਾਵਲਾਂ ਦੀ ਢੋਆ-ਢੁਆਈ ਨਾਲ ਜੁੜੇ ਇਕ ਵੱਡੇ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿਚ ਅੱਜ ਸਵੇਰੇ ਪੰਜਾਬ ਵਿਜੀਲੈਂਸ ਵਿਭਾਗ ਦੀ ਟੀਮ ਨੇ ਟਰੱਕ ਯੂਨੀਅਨ ਤਪਾ ਵਿਚ ਅਚਾਨਕ ਦਸਤਕ ਦਿੱਤੀ। ਵਿਜੀਲੈਂਸ ਅਧਿਕਾਰੀਆਂ ਵੱਲੋਂ ਯੂਨੀਅਨ ਦੇ ਅਹਾਤੇ ਵਿਚ ਮੌਜੂਦ ਟਰੱਕ ਮਾਲਕਾਂ, ਡਰਾਈਵਰਾਂ ਅਤੇ ਕੰਡਕਟਰਾਂ ਨਾਲ ਲੰਬੀ ਪੁੱਛਗਿੱਛ ਕੀਤੀ ਗਈ ਅਤੇ ਪਿਛਲੇ ਕੁਝ ਸਾਲਾਂ ਦੀ ਢੁਆਈ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਵੀ ਕੀਤੀ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਜਾਂਚ ਕੇਂਦਰ ਸਰਕਾਰ ਦੀ “ਭਾਰਤ ਰਾਈਸ ਯੋਜਨਾ” ਤਹਿਤ ਚਾਵਲਾਂ ਦੀ ਸਪਲਾਈ ਅਤੇ ਵੰਡ ਨਾਲ ਜੁੜੀ ਹੋਈ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਆਮ ਲੋਕਾਂ, ਖਾਸ ਕਰਕੇ ਗਰੀਬ ਅਤੇ ਮੱਧ ਵਰਗ ਨੂੰ ਸਸਤੇ ਭਾਅ ‘ਤੇ ਚਾਵਲ ਉਪਲਬਧ ਕਰਵਾਉਣਾ ਹੈ। ਸਰਕਾਰੀ ਏਜੰਸੀਆਂ ਰਾਹੀਂ ਚਾਵਲ ਨਿਰਧਾਰਤ ਕੀਮਤਾਂ ‘ਤੇ ਖਰੀਦ ਕੇ ਪੈਕਿੰਗ ਸਮੇਤ ਸਰਕਾਰੀ ਦੁਕਾਨਾਂ ਅਤੇ ਸਹਿਕਾਰੀ ਸਭਾਵਾਂ ਤੱਕ ਪਹੁੰਚਾਉਣੇ ਸਨ। ਪਰ ਦੋਸ਼ ਲਗ ਰਹੇ ਹਨ ਕਿ ਪਿਛਲੇ ਲਗਭਗ ਤਿੰਨ ਸਾਲਾਂ ਦੌਰਾਨ ਇਸ ਯੋਜਨਾ ਵਿਚ ਵੱਡੇ ਪੱਧਰ ‘ਤੇ ਗੜਬੜੀ ਹੋਈ। ਦੱਸਿਆ ਜਾ ਰਿਹਾ ਹੈ ਕਿ ਕੁਝ ਪ੍ਰਾਈਵੇਟ ਵਪਾਰੀਆਂ ਨੇ ਸਰਕਾਰ ਤੋਂ ਰਿਲੀਜ਼ ਆਰਡਰਾਂ ਰਾਹੀਂ ਸਸਤੇ ਰੇਟਾਂ ‘ਤੇ ਚਾਵਲ ਖਰੀਦੇ, ਪਰ ਉਨ੍ਹਾਂ ਨੂੰ ਨਿਰਧਾਰਤ ਟਿਕਾਣਿਆਂ ‘ਤੇ ਪਹੁੰਚਾਉਣ ਦੀ ਬਜਾਏ ਖੁੱਲੀ ਮੰਡੀ ਵਿਚ ਉੱਚੇ ਭਾਅ ‘ਤੇ ਵੇਚ ਦਿੱਤਾ। ਇਸ ਸਾਰੇ ਮਾਮਲੇ ਵਿਚ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਦੀ ਵੀ ਚਰਚਾ ਜ਼ੋਰਾਂ ‘ਤੇ ਹੈ।

PunjabKesari

ਇਲਾਕੇ ਵਿਚ ਇਹ ਵੀ ਗੱਲ ਚੱਲ ਰਹੀ ਹੈ ਕਿ ਕਈ ਟਰੱਕ ਤਾਂ ਸਰਕਾਰੀ ਰਿਕਾਰਡ ਅਨੁਸਾਰ ਮੰਜ਼ਿਲ ‘ਤੇ ਪਹੁੰਚ ਗਏ, ਪਰ ਵੱਡੀ ਗਿਣਤੀ ਵਿਚ ਚਾਵਲਾਂ ਨਾਲ ਭਰੇ ਟਰੱਕਾਂ ਦਾ ਮਾਲ ਕਿਤੇ ਹੋਰ ਹੀ ਖਪਤ ਕਰ ਦਿੱਤਾ ਗਿਆ। ਇਸੇ ਕਾਰਨ ਵਿਜੀਲੈਂਸ ਟੀਮਾਂ ਵੱਲੋਂ ਟਰਾਂਸਪੋਰਟ ਰਿਕਾਰਡ, ਬਿਲ, ਡਰਾਈਵਰਾਂ ਦੇ ਬਿਆਨ ਅਤੇ ਰੂਟਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਅਧਿਕਾਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਪਿਛਲੇ ਸਾਲਾਂ ਦੀ ਚਾਵਲਾਂ ਦੀ ਢੁਆਈ ਨਾਲ ਜੁੜੇ ਸਾਰੇ ਤੱਥ ਇਕੱਠੇ ਕਰਕੇ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਲਿਖੇ ਜਾਣ ਤੱਕ ਵਿਜੀਲੈਂਸ ਦੀਆਂ ਟੀਮਾਂ ਟਰੱਕ ਯੂਨੀਅਨ ਤਪਾ ਵਿਚ ਮੌਜੂਦ ਰਹੀਆਂ ਅਤੇ ਜਾਂਚ ਪ੍ਰਕਿਰਿਆ ਜਾਰੀ ਸੀ। ਆਉਣ ਵਾਲੇ ਦਿਨਾਂ ਵਿਚ ਇਹ ਮਾਮਲਾ ਕਿੰਨਾ ਵੱਡਾ ਰੂਪ ਧਾਰਦਾ ਹੈ, ਇਹ ਜਾਂਚ ਦੇ ਨਤੀਜਿਆਂ ਤੋਂ ਬਾਅਦ ਹੀ ਸਾਫ਼ ਹੋਵੇਗਾ।


author

Anmol Tagra

Content Editor

Related News