ਬੱਸ ਸਟੈਂਡ ''ਤੇ ਮਹਿਲਾ ਨਾਲ ਠੱਗੀ, ਸੋਨੇ ਦੀਆਂ ਵਾਲੀਆਂ ਤੇ ਨਕਦੀ ਦੇ ਨਾਲ-ਨਾਲ ਆਧਾਰ ਕਾਰਡ ਵੀ ਲੈ ਗਏ ਚੋਰ

Friday, Feb 13, 2026 - 01:38 PM (IST)

ਬੱਸ ਸਟੈਂਡ ''ਤੇ ਮਹਿਲਾ ਨਾਲ ਠੱਗੀ, ਸੋਨੇ ਦੀਆਂ ਵਾਲੀਆਂ ਤੇ ਨਕਦੀ ਦੇ ਨਾਲ-ਨਾਲ ਆਧਾਰ ਕਾਰਡ ਵੀ ਲੈ ਗਏ ਚੋਰ

ਤਪਾ ਮੰਡੀ (ਸ਼ਾਮ, ਗਰਗ)- ਸਥਾਨਕ ਬਾਹਰਲੇ ਬੱਸ ਸਟੈਂਡ 'ਤੇ ਇਕ ਮਹਿਲਾ ਨਾਲ ਠੱਗੀ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਮਹਿਲਾ ਹਰਬੰਸ ਪਤਨੀ ਸਵਰਗਵਾਸੀ ਹਰਦੇਵ ਸਿੰਘ ਵਾਸੀ ਖੱਟਰਪੱਤੀ ਤਪਾ ਅੱਖਾਂ ਦੀ ਦਵਾਈ ਲੈਣ ਲਈ ਬੱਸ ਸਟੈਂਡ 'ਤੇ ਪਏ ਬੈਂਚ 'ਤੇ ਬੈਠੀ ਹੋਈ ਸੀ। ਇਸ ਦੌਰਾਨ ਉਸ ਨੇ ਆਪਣੇ ਕੰਨਾਂ ਤੋਂ ਸੋਨੇ ਦੀਆਂ ਦੀਆਂ ਵਾਲੀਆਂ ਉਤਾਰ ਕੇ ਸ਼ਾਲ ਦੀ ਓਟ ਵਿਚ ਲਿਫਾਫੇ ਵਿਚ ਪਏ ਪਰਸ ਵਿਚ ਰੱਖ ਦਿੱਤੀਆਂ,ਜਿਸ 'ਚ ਪਹਿਲਾਂ ਤੋਂ ਹੀ 2500 ਰੁਪਏ ਅਤੇ ਆਧਾਰ ਕਾਰਡ ਰੱਖਿਆ ਹੋਇਆ ਸੀ,ਉਸ ਨੂੰ  ਡਰ ਸੀ ਕਿ ਉਸ ਦੇ ਕੰਨਾਂ ਦੀਆਂ ਵਾਲੀਆਂ ਕੋਈ ਲੁਟੇਰਾ ਲਾਹ ਕੇ ਨਾ ਲੈ ਜਾਵੇ।

ਕਿਸੇ ਅਣਪਛਾਤੇ ਵਿਅਕਤੀ ਨੇ ਇਹ ਸਭ ਦੇਖ ਲਿਆ। ਜਦੋਂ ਮਹਿਲਾ ਬੱਸ 'ਚ ਚੜ੍ਹਣ ਲਈ ਉੱਠੀ ਤਾਂ ਉਸ ਨੂੰ ਅਚਾਨਕ ਘਬਰਾਹਟ ਮਹਿਸੂਸ ਹੋਈ ਅਤੇ ਉਹ ਮੁੜ ਬੈਂਚ 'ਤੇ ਆ ਕੇ ਬੈਠ ਗਈ। ਇਸ ਵੇਲੇ ਦੋ ਅਣਜਾਣ ਮਹਿਲਾਵਾਂ ਵੀ ਉਸ ਦੇ ਕੋਲ ਆ ਬੈਠੀਆਂ ਅਤੇ ਕਹਿਣ ਲੱਗੀਆਂ ਕਿ ਉਸ ਦਾ ਲਿਫਾਫਾ ਫਟਿਆ ਹੋਇਆ ਹੈ ਅਤੇ ਸਮਾਨ ਡਿੱਗ ਸਕਦਾ ਹੈ। ਜਦੋਂ ਪੀੜਤ ਮਹਿਲਾ ਨੇ ਲਿਫਾਫਾ ਦੇਖਿਆ ਤਾਂ ਉਹ ਫਟਿਆ ਹੋਇਆ ਸੀ ਅਤੇ ਅੰਦਰ ਰੱਖਿਆਂ ਪਰਸ ਜਿਸ 'ਚ ਦੋ ਸੋਨੇ ਦੀਆਂ ਬਾਲੀਆਂ ਅੰਦਾਜ਼ਨ ਡੇਢ ਤੋਲਾ, ਕਰੀਬ 2500 ਰੁਪਏ ਨਕਦ ਅਤੇ ਆਧਾਰ ਕਾਰਡ ਗਾਇਬ ਸੀ। ਇਸ ਉਪਰੰਤ ਉਸ ਨੇ ਤੁਰੰਤ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਪੁਲਸ ਚੌਂਕੀ ਤਪਾ ਨੂੰ ਸੂਚਨਾ ਦਿੱਤੀ।

ਸੂਚਨਾ ਮਿਲਣ 'ਤੇ ਚੌਂਕੀ ਇੰਚਾਰਜ ਬਲਜੀਤ ਸਿੰਘ ਪੁਲਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਭੀੜਭਾੜ ਵਾਲੀਆਂ ਥਾਵਾਂ 'ਤੇ ਆਪਣੇ ਕੀਮਤੀ ਸਮਾਨ ਦਾ ਖ਼ਾਸ ਧਿਆਨ ਰੱਖਣ ਅਤੇ ਸ਼ੱਕੀ ਵਿਅਕਤੀਆਂ ਤੋਂ ਸਾਵਧਾਨ ਰਹਿਣ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਇਸ ਮੌਕੇ ਸੁਰਿੰਦਰ ਸਿੰਘ ਖੱਟਰਕਾ ਅਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।
 


author

Anmol Tagra

Content Editor

Related News