ਕਿਸਾਨਾਂ ਨੂੰ ਡੱਕਣ ਲਈ ਪੁਲਸ ਨੇ ਘੇਰ ਲਿਆ ਹਾਈਵੇਅ, ਅੱਥਰੂ ਗੈਸ ਦੇ ਗੋਲੇ ਤੇ ਗ੍ਰਿਫ਼ਤਾਰੀ ਲਈ ਬੱਸਾਂ ਤਿਆਰ
Wednesday, Feb 18, 2026 - 05:26 PM (IST)
ਬਰਨਾਲਾ (ਪੁਨੀਤ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਅੰਦ ਅਤੇ ਚੌਕੇ ਦੇ ਕਿਸਾਨਾਂ 'ਤੇ ਪੁਲਸ ਵੱਲੋਂ ਦਰਜ ਕੀਤੇ ਗਏ ਕਥਿਤ ਝੂਠੇ ਕੇਸਾਂ ਨੂੰ ਰੱਦ ਕਰਵਾਉਣ ਲਈ ਇਕ ਵਿਸ਼ਾਲ ਮੁਹਿੰਮ ਵਿੱਢੀ ਗਈ ਹੈ। ਯੂਨੀਅਨ ਮੁਤਾਬਕ, ਇਹ ਕੇਸ ਪਿੰਡ ਜੀਅੰਦ ਦੀ 700 ਏਕੜ ਤੋਂ ਵੱਧ ਜ਼ਮੀਨ ਦੇ ਵਿਵਾਦ ਨਾਲ ਸਬੰਧਿਤ ਹਨ, ਜਿਸ ਵਿਚ ਕਿਸਾਨਾਂ ਨੂੰ ਨਾਜਾਇਜ਼ ਤੌਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਆਪਣੇ ਹੱਕਾਂ ਦੀ ਰਾਖੀ ਲਈ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਬਠਿੰਡਾ ਵਿਖੇ ਇਕ ਵੱਡੀ ਸਭਾ ਕਰਨ ਦਾ ਐਲਾਨ ਕੀਤਾ ਹੈ।
ਕਿਸਾਨਾਂ ਦੇ ਇਸ ਸ਼ਾਂਤਮਈ ਰੋਸ ਪ੍ਰਦਰਸ਼ਨ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਪ੍ਰਵਾਹ ਨਾ ਕਰਦਿਆਂ ਤਪਾ ਮੰਡੀ ਵਿਖੇ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਹੈ। ਬਰਨਾਲਾ ਪੁਲਸ ਵੱਲੋਂ ਕਿਸਾਨਾਂ ਦਾ ਰਾਹ ਰੋਕਣ ਲਈ ਹਾਈ-ਟੈਕ ਚੈੱਕਪੁਆਇੰਟ ਬਣਾ ਕੇ ਤਿੰਨ-ਪੱਧਰੀ ਬੈਰੀਕੇਡਿੰਗ ਕੀਤੀ ਗਈ ਹੈ। ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਨਾ ਸਿਰਫ਼ ਸੈਂਕੜੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਸਗੋਂ ਮਿੱਟੀ ਨਾਲ ਭਰੇ ਟਿੱਪਰ, ਅੱਥਰੂ ਗੈਸ ਦੇ ਗੋਲੇ, ਫਾਇਰ ਬ੍ਰਿਗੇਡ ਅਤੇ ਗ੍ਰਿਫ਼ਤਾਰੀਆਂ ਲਈ ਵਿਸ਼ੇਸ਼ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਕਿਸਾਨ ਜਥੇਬੰਦੀਆਂ ਦਾ ਸਾਫ਼ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਸਾਥੀਆਂ 'ਤੇ ਪਾਏ ਗਏ ਨਾਜਾਇਜ਼ ਪਰਚੇ ਰੱਦ ਨਹੀਂ ਹੁੰਦੇ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਸ ਸਮੇਂ ਤਪਾ ਮੰਡੀ ਵਿਖੇ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਕਿਉਂਕਿ ਇਕ ਪਾਸੇ ਹੱਕ ਮੰਗਦੇ ਕਿਸਾਨ ਹਨ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਰੋਕਣ ਲਈ ਖੜ੍ਹੀ ਪੁਲਸ ਦੀ ਵੱਡੀ ਫੌਜ।
