ਨਾਮਦੇਵ ਮਾਰਗ ‘ਤੇ ਸਥਿਤ ਕਬਾੜੀਏ ਦੇ ਓਪਨ ਗੋਦਾਮ ‘ਚ ਲੱਗੀ ਭਿਆਨਕ ਅੱਗ

Wednesday, Feb 25, 2026 - 02:11 PM (IST)

ਨਾਮਦੇਵ ਮਾਰਗ ‘ਤੇ ਸਥਿਤ ਕਬਾੜੀਏ ਦੇ ਓਪਨ ਗੋਦਾਮ ‘ਚ ਲੱਗੀ ਭਿਆਨਕ ਅੱਗ

ਤਪਾ ਮੰਡੀ (ਸ਼ਾਮ,ਗਰਗ): ਸਥਾਨਕ ਨਾਮਦੇਵ ਮਾਰਗ ‘ਤੇ ਸਥਿਤ ਨਵੇਂ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਇਕ ਕਵਾੜ ਦੀ ਓਪਨ ਗੋਦਾਮ ਵਿਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਕਬਾੜ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਵਿਚ ਮਾਲਕ ਦਾ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

ਮਿਲੀ ਜਾਣਕਾਰੀ ਅਨੁਸਾਰ ਸਵੇਰ ਦੇ ਸਮੇਂ ਜਦੋਂ ਗੁਆਂਢੀ ਦੁਕਾਨਦਾਰਾਂ ਨੇ ਸਵੇਰ ਸਮੇਂ ਦੁਕਾਨਾਂ ਖੋਲ੍ਹੀਆਂ ਤਾਂ ਕਬਾੜ ਦੇ ਓਪਨ ਗੋਦਾਮ ‘ਚੋਂ ਸ਼ੰਘਣਾ ਧੂੰਆ ਉੱਠਦਾ ਦੇਖਿਆ। ਸ਼ੱਕ ਹੋਣ ‘ਤੇ ਉਨ੍ਹਾਂ ਨੇ ਤੁਰੰਤ ਕਵਾੜ ਦਾ ਕੰਮ ਕਰਨ ਵਾਲੇ ਮਾਲਕ, ਕਰਤਾਰ ਰਾਮ ਵਾਸੀ ਰੂੜੇਕੇ ਕਲਾਂ ਨਾਲ ਸੰਪਰਕ ਕੀਤਾ,ਜੋ ਹਰ ਰੋਜ਼ ਸਵੇਰੇ ਆ ਕੇ ਸ਼ਾਮ ਨੂੰ ਘਰ ਵਾਪਸ ਜਾਂਦਾ ਹੈ। ਸੂਚਨਾ ਮਿਲਣ ਉਪਰੰਤ ਮਾਲਕ ਨੇ ਤੁਰੰਤ ਆਪਣੇ ਤਪਾ ਵਿਖੇ ਸਕੇ ਸੰਬੰਧੀਆਂ ਨੂੰ ਅੱਗ ਲੱਗਣ ਬਾਰੇ ਸੂਚਨਾ ਦਿੱਤੀ ਜਿਨ੍ਹਾਂ ਤੁਰੰਤ ਮੌਕੇ ‘ਤੇ ਪਹੁੰਚਕੇ ਬਾਹਰ ਲੱਗੇ ਜਿੰਦਰੇ ਨੂੰ ਤੋੜ ਕੇ ਅੰਦਰ ਦੇਖਿਆ ਤਾਂ ਉੱਥੇ ਜ਼ਬਰਦਸਤ ਅੱਗ ਭੜਕੀ ਹੋਈ ਸੀ। ਅੱਗ ਇੰਨੀ ਭਿਆਨਕ ਸੀ ਕਿ ਕਵਾੜ ਵਿੱਚ ਪਏ ਪਲਾਸਟਿਕ, ਰੱਬੜ ਦੇ ਟਾਇਰ, ਬਾਰਦਾਨੇ ਅਤੇ ਹੋਰ ਕਵਾੜ ਦਾ ਸਮਾਨ ਸਭ ਕੁਝ ਮਚ ਕੇ ਸੁਆਹ ਹੋ ਗਿਆ। 

ਹਾਲਾਤ ਦੀ ਗੰਭੀਰਤਾ ਨੂੰ ਵੇਖਦੇ ਹੋਏ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀ ਟੀਮ ਡਰਾਈਵਰ ਸੁਖਪ੍ਰੀਤ ਸਿੰਘ, ਫਾਇਰਮੈਨ ਜਗਤਾਰ ਸਿੰਘ ਅਤੇ ਫਾਇਰਮੈਨ ਲਵਦੀਪ ਸਿੰਘ ਦੀ ਅਗਵਾਈ ਹੇਠ ਮੌਕੇ ‘ਤੇ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕਾਰਵਾਈ ਸ਼ੁਰੂ ਕੀਤੀ। ਕਾਫੀ ਜੱਦੋਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ, ਪਰ ਤਦ ਤੱਕ ਕਵਾੜ ਦਾ ਵੱਡਾ ਹਿੱਸਾ ਪੂਰੀ ਤਰ੍ਹਾਂ ਸੜ ਚੁੱਕਾ ਸੀ।

ਮਾਲਕ ਕਰਤਾਰ ਰਾਮ ਮੁਤਾਬਕ ਉਸਦਾ ਕਾਫੀ ਕੀਮਤੀ ਸਮਾਨ ਅੱਗ ਦੀ ਭੇਟ ਚੜ੍ਹ ਗਿਆ ਹੈ,ਜਿਸ ਨਾਲ ਉਸਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਲਾਕੇ ਦੇ ਲੋਕਾਂ ਵੱਲੋਂ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਤੋਂ ਅੱਗ ਦੇ ਕਾਰਨਾਂ ਦੀ ਪੂਰੀ ਜਾਂਚ ਕਰਕੇ ਪੀੜਤ ਨੂੰ ਯੋਗ ਮਦਦ ਦੇਣ ਦੀ ਮੰਗ ਕੀਤੀ ਜਾ ਰਹੀ ਹੈ।


author

Anmol Tagra

Content Editor

Related News