ਨਸ਼ੇ ਵਾਲਾ ਤਰਲ ਪਦਾਰਥ ਪਿਆ ਕੇ ਪ੍ਰਵਾਸੀ ਕੋਲੋਂ 50 ਹਜ਼ਾਰ ਦੀ ਨਕਦੀ ਲੁੱਟੀ
Monday, Aug 20, 2018 - 06:46 AM (IST)
ਰਾਜਪੁਰਾ (ਮਸਤਾਨਾ)- ਬੀਤੀ ਸ਼ਾਮ 2 ਅਣਪਛਾਤੇ ਨੌਸਰਬਾਜ਼ ਨੌਜਵਾਨ ਬੈਂਕ ਵਿਚ ਬੱਚੇ ਦੀ ਫੀਸ ਲਈ ੳੁਸ ਦੇ ਖਾਤੇ ’ਚ ਜਮ੍ਹਾ ਕਰਵਾਉਣ ਲਈ ਗਏ ਇਕ ਪ੍ਰਵਾਸੀ ਨੂੰ ਧੋਖੇ ਨਾਲ ਕੋਈ ਨਸ਼ੇ ਵਾਲਾ ਤਰਲ ਪਦਾਰਥ ਪਿਆ ਕੇ ਉਸ ਦੀ ਜੇਬ ਵਿਚ ਪਏ ਲਗਭਗ 50 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ ਸਥਾਨਕ ਸਰਕਾਰੀ ਹਸਪਤਾਲ ’ਚ ਜ਼ੇਰੇ-ਇਲਾਜ ਸਥਾਨਕ ਗੁਰੂ ਅੰਗਦ ਦੇਵ ਕਾਲੋਨੀ ਵਾਸੀ ਰਾਮ ਲਾਲ ਨੇ ਦੱਸਿਆ ਕਿ ੳੁਹ ਮੂਲ ਨਿਵਾਸੀ ਜ਼ਿਲਾ ਗੋਰਖਪੁਰ ਯੂ. ਪੀ. ਦਾ ਹੈ ਅਤੇ ਆਪਣੇ ਪਰਿਵਾਰ ਸਣੇ ਉਕਤ ਕਾਲੋਨੀ ਵਿਚ ਰਹਿੰਦਾ ਹੈ। ਲੋਕਾਂ ਦੇ ਕੱਪਡ਼ੇ ਪ੍ਰੈੈੱਸ ਕਰ ਕੇ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਭਰਦਾ ਹੈ।
ਕੱਲ ਸਵੇਰੇ ਉਹ ਰਿਸ਼ੀਕੇਸ਼ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਆਪਣੇ ਬੱਚੇ ਦੀ ਫੀਸ ਭਰਨ ਲਈ ਘਰ ਤੋਂ ਲਗਭਗ 50 ਹਜ਼ਾਰ ਰੁਪਏ ਨਕਦ ਇਕ ਪਰਸ ਜਿਸ ਵਿਚ ਕੁੱਝ ਏ. ਟੀ. ਐੈੱਮ. ਅਤੇ ਹੋਰ ਵੀ ਜ਼ਰੂਰੀ ਕਾਗਜ਼ਾਤ ਸਨ, ਲੈ ਕੇ ਸਾਈਕਲ ’ਤੇ ਚਲਾ ਗਿਆ। ਦੋ ਦਿਨ ਛੁੱਟੀ ਹੋਣ ਕਾਰਨ ਬੈਂਕ ਵਿਚ ਬਹੁਤ ਹੀ ਭੀਡ਼ ਸੀ। ਉਥੇ 2 ਅਣਪਛਾਤੇ ਨੌਜਵਾਨ ਆਏ ਅਤੇ ਮੇਰੇ ਨਾਲ ਬੈਠ ਗਏ।
ਗੱਲਾਂ ਮਾਰਦਿਅਾਂ ਕੁੱਝ ਦੇਰ ਬਾਅਦ ਉਨ੍ਹਾਂ ਮੈਨੂੰ ਕਿਹਾ ਕਿ ਅੱਜ ਬੈਂਕ ਵਿਚ ਭੀੜ ਹੈ। ਚਲੋ ਆਪਾਂ ਬਾਹਰ ਚਾਹ-ਪਾਣੀ ਪੀ ਕੇ ਆਉਂਦੇ ਹਾਂ। ਦੋਵੇਂ ਮੈਨੂੰ ਬਾਹਰ ਕਿਸੇ ਦੁਕਾਨ ’ਤੇ ਲੈ ਗਏ ਅਤੇ ਉਨ੍ਹਾਂ ਨੇ ਧੱਕੇ ਨਾਲ ਮੈਨੂੰ ਕੋਲਡ ਡ੍ਰਿੰਕ ਪਿਆਇਆ। ਪੀਂਦੇ ਸਾਰ ਹੀ ਮੈਨੂੰ ਅਜੀਬ ਜਿਹਾ ਨਸ਼ਾ ਹੋ ਗਿਆ। ਨਸ਼ੇ ਦੀ ਹਾਲਤ ਵਿਚ ਆਪਣਾ ਸਾਈਕਲ ਲੈ ਕੇ ਘਰ ਵੱਲ ਤੁਰ ਪਿਆ। ਸਥਾਨਕ ਸ਼ਮਸ਼ਾਨਘਾਟ ਨੇਡ਼ੇ ਡਿੱਗ ਪਿਆ ਜਿੱਥੋਂ ਮੇਰੇ ਪਰਿਵਾਰਕ ਮੈਂਬਰਾਂ ਨੇ ਮੈਨੂੰ ਚੁੱਕ ਕੇ ਸਥਾਨਕ ਸਿਵਲ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾ ਦਿੱਤਾ। ਜਦੋ ਮੈਨੂ ਹੋਸ਼ ਆਈ ਤਾਂ ਵੇਖਿਆ ਕਿ ਮੇਰੀ ਜੇਬ ਵਿਚ ਪਏ 50 ਹਜ਼ਾਰ ਅਤੇ ਮੇਰਾ ਇਕ ਪਰਸ ਜਿਸ ਵਿਚ ਜ਼ਰੂਰੀ ਕਾਗਜ਼ਾਤ ਸਣੇ 2 ਏ. ਟੀ. ਐੈੱਮ. ਵੀ ਸਨ, ਉਹ ਵੀ ਗਾਇਬ ਸਨ। ਉਕਤ ਨੌਸਰਬਾਜ਼ ਮੇਰੀ ਰਕਮ ਅਤੇ ਪਰਸ ਖੋਹ ਕੇ ਫਰਾਰ ਹੋ ਗਏ। ਇਸ ਖੋਹ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।
