ਨੌਸਰਬਾਜ਼ਾਂ ਦਾ ਕਾਰਨਾਮਾ: ਏ. ਟੀ. ਐੱਮ. ਬਦਲ ਕੇ ਪੀੜਤ ਦੇ ਅਕਾਊਂਟ ’ਚੋਂ ਕਢਵਾਏ 80 ਹਜ਼ਾਰ ਰੁਪਏ

Saturday, Dec 06, 2025 - 09:59 AM (IST)

ਨੌਸਰਬਾਜ਼ਾਂ ਦਾ ਕਾਰਨਾਮਾ: ਏ. ਟੀ. ਐੱਮ. ਬਦਲ ਕੇ ਪੀੜਤ ਦੇ ਅਕਾਊਂਟ ’ਚੋਂ ਕਢਵਾਏ 80 ਹਜ਼ਾਰ ਰੁਪਏ

ਲੁਧਿਆਣਾ (ਤਰੁਣ) : ਮਹਾਨਗਰ ਦੇ ਕਈ ਏ. ਟੀ. ਐੱਮ. ਦੇ ਅੰਦਰ ਅਤੇ ਬਾਹਰ ਅਣਜਾਣ ਚਿਹਰੇ ਸ਼ਿਕਾਰ ਦੀ ਰਾਹ ਦੇਖ ਰਹੇ ਹੁੰਦੇ ਹਨ। ਕਾਰਡ ਬਦਲ ਕੇ ਪੀੜਤ ਦਾ ਬੈਂਕ ਖਾਤਾ ਖਾਲੀ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਆਏ ਦਿਨ ਬਦਮਾਸ਼, ਨੌਸਰਬਾਜ਼ ਬੈਂਕਾਂ ਅਤੇ ਏ. ਟੀ. ਐੱਮ. ਦੇ ਬਾਹਰ ਕਿਤੇ ਨਾ ਕਿਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।

ਕਹਿੰਦੇ ਹਨ ‘ਸਾਵਧਾਨੀ ਹਟੀ ਤਾਂ ਦੁਰਘਟਨਾ ਘਟੀ’

ਅਜਿਹਾ ਹੀ ਨਿਊ ਹਰਗੋਬਿੰਦ ਨਗਰ ਦੇ ਰਹਿਣ ਵਾਲੇ ਜਸਪਾਲ ਸਿੰਘ ਨਾਲ ਹੋਇਆ। ਜਦੋਂ ਨੌਸਰਬਾਜ਼ਾਂ ਨੇ ਉਸ ਦਾ ਏ. ਟੀ. ਐੱਮ. ਕਾਰਡ ਬਦਲ ਕੇ 80 ਹਜ਼ਾਰ ਰੁਪਏ ਦਾ ਚੂਨਾ ਲਗਾ ਦਿੱਤਾ। ਪੀੜਤ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਇਕ ਫੈਕਟਰੀ ’ਚ ਨੌਕਰੀ ਕਰਦਾ ਹੈ। ਥੋੜ੍ਹੇ-ਥੋੜ੍ਹੇ ਰੁਪਏ ਜੋੜ ਕੇ ਉਸ ਦੇ ਬੈਂਕ ਖਾਤੇ ਵਿਚ ਕਰੀਬ 1.50 ਲੱਖ ਰੁਪਏ ਇਕੱਠੇ ਹੋਏ ਸਨ। ਉਸ ਨੇ ਨਵਾਂ ਏ. ਟੀ. ਐੱਮ. ਕਾਰਡ ਅਪਲਾਈ ਕੀਤਾ ਸੀ। ਕਾਰਡ ਆਉਣ ’ਤੇ ਉਹ ਬ੍ਰਾਊਨ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਲੱਗੇ ਏ. ਟੀ. ਐੱਮ. ਵਿਚ ਨਵਾਂ ਪਿਨ ਜਨਰੇਟ ਕਰਨ ਲਈ ਗਿਆ। ਜਦੋਂ ਉਹ ਏ. ਟੀ. ਐੱਮ. ਦੇ ਅੰਦਰ ਦਾਖਲ ਹੋਇਆ ਤਾਂ ਪਹਿਲਾਂ ਤੋਂ ਹੀ 2 ਵਿਅਕਤੀ ਮੌਜੂਦ ਸਨ। ਉਸ ਨੇ ਏ. ਟੀ. ਐੱਮ. ਕਾਰਡ ਨੂੰ ਮਸ਼ੀਨ ਵਿਚ ਪਾਇਆ ਪਰ ਉਸ ਨੂੰ ਪਾਸਵਰਡ ਬਦਲਣਾ ਨਹੀਂ ਆਉਂਦਾ ਸੀ।

ਇਹ ਵੀ ਪੜ੍ਹੋ : ਭਾਰਤ ਆਏ ਰੂਸੀ ਰਾਸ਼ਟਰਪਤੀ ਪੁਤਿਨ ਨੂੰ PM ਮੋਦੀ ਨੇ ਦਿੱਤੇ ਇਹ ਕੀਮਤੀ ਤੋਹਫ਼ੇ, ਦੇਖੋ ਤਸਵੀਰਾਂ

ਇਸ ਗੱਲ ਦਾ ਨੌਸਰਬਾਜ਼ਾਂ ਨੇ ਫਾਇਦਾ ਉਠਾਇਆ ਅਤੇ ਉਨ੍ਹਾਂ ਨੂੰ ਪਾਸਵਰਡ ਬਦਲਣ ਲਈ ਬੈਂਕ ਦਾ ਕਾਰਡ ਦੇ ਦਿੱਤਾ। ਏ. ਟੀ. ਐੱਮ. ਦੇ ਅੰਦਰ ਉਹ 2 ਮੁਲਜ਼ਮ ਸਨ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਹੱਥ ਦੀ ਸਫਾਈ ਦਿਖਾਉਂਦੇ ਹੋਏ ਕਾਰਡ ਨੂੰ ਬਦਲ ਕੇ ਹੋਰ ਕਾਰਡ ਉਸ ਦੇ ਹੱਥ ’ਚ ਫੜਾ ਦਿੱਤਾ, ਜਿਸ ਤੋਂ ਬਾਅਦ ਉਹ ਮੌਕੇ ਤੋਂ ਚਲਾ ਗਿਆ। ਕਰੀਬ 10 ਮਿੰਟ ਬਾਅਦ ਉਸ ਨੂੰ ਮੋਬਾਈਲ ’ਤੇ ਮੈਸੇਜ ਆਇਆ ਕਿ ਉਸ ਦੇ ਅਕਾਊਂਟ ’ਚੋਂ 20,000 ਰੁਪਏ ਏ. ਟੀ. ਐੱਮ. ਜ਼ਰੀਏ ਕਢਵਾਏ ਗਏ ਹਨ। ਰਸਤੇ ’ਚ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਨੌਸਰਬਾਜ਼ਾਂ ਦਾ ਕਾਰਨਾਮਾ ਹੈ ਕਿ ਉਸ ਦੇ ਅਕਾਊਂਟ ’ਚੋਂ ਰੁਪਏ ਕਢਵਾਏ ਗਏ ਹਨ। ਉਹ ਤੁਰੰਤ ਬੈਂਕ ਪੁੱਜਾ ਤਾਂ ਪਤਾ ਲੱਗਾ ਕਿ ਨੌਸਰਬਾਜ਼ਾਂ ਨੇ 30-30 ਹਜ਼ਾਰ ਰੁਪਏ ਸਵੈਪ ਮਸ਼ੀਨ ਦੇ ਜ਼ਰੀਏ ਕਢਵਾਏ ਹਨ। ਉਸ ਨੇ ਆਪਣੇ ਕਾਰਡ ਨੂੰ ਬਲਾਕ ਕਰਵਾਇਆ।

ਪੀੜਤ ਦੇ ਮੁਤਾਬਕ ਮੁਲਜ਼ਮਾਂ ਨੇ ਸਮਰਾਲਾ ਚੌਕ ਕੋਲ ਇਕ ਏ. ਟੀ. ਐੱਮ. ਤੋਂ 20,000 ਰੁਪਏ ਕਢਵਾਏ ਹਨ। ਉਸ ਦੇ ਖਾਤੇ ਵਿਚ ਪਏ 60 ਹਜ਼ਾਰ ਰੁਪਏ ਵੀ ਲੁੱਟਣ ਤੋਂ ਬਚ ਗਏ। ਨੌਸਰਬਾਜ਼ਾਂ ਨੇ ਉਸ ਦੇ ਖਾਤੇ ’ਚੋਂ ਕੁੱਲ 80 ਹਜ਼ਾਰ ਰੁਪਏ ਕਢਵਾਏ ਹਨ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਜਗਦੀਪ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੀੜਤ ਦੇ ਬਿਆਨ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਨੌਸਰਬਾਜ਼ ਬਦਮਾਸ਼ਾਂ ਦੀ ਸੀ. ਸੀ. ਟੀ. ਵੀ. ਫੁਟੇਜ ਜ਼ਰੀਏ ਪਛਾਣ ਹੋਈ ਹੈ। ਪੁਲਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।


author

Sandeep Kumar

Content Editor

Related News