ਪਤਨੀ ਨੇ ਨਸ਼ੇ ਲਈ ਪੈਸੇ ਦੇਣ ਤੋਂ ਕੀਤਾ ਇਨਕਾਰ ਤਾਂ ਨਸ਼ੇੜੀ ਪਤੀ ਨੇ ਚਲਾ ਦਿੱਤੀ ਗੋਲ਼ੀ

Thursday, Dec 11, 2025 - 02:09 PM (IST)

ਪਤਨੀ ਨੇ ਨਸ਼ੇ ਲਈ ਪੈਸੇ ਦੇਣ ਤੋਂ ਕੀਤਾ ਇਨਕਾਰ ਤਾਂ ਨਸ਼ੇੜੀ ਪਤੀ ਨੇ ਚਲਾ ਦਿੱਤੀ ਗੋਲ਼ੀ

ਲੁਧਿਆਣਾ (ਰਾਮ)- ਬਾਲਾਜੀ ਕਾਲੋਨੀ ਵਿਚ ਦਿਨ-ਦਿਹਾੜੇ ਹੋਈ ਫਾਇਰਿੰਗ ਦੇ ਮਾਮਲੇ ਵਿਚ ਥਾਣਾ ਜਮਾਲਪੁਰ ਦੀ ਪੁਲਸ ਨੇ ਗਗਨਦੀਪ ਕੌਰ ਦੇ ਬਿਆਨ ’ਤੇ ਉਸ ਦੇ ਮੁਲਜ਼ਮ ਪਤੀ ਲਵਪ੍ਰੀਤ ਖਿਲਾਫ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਕ ਗਗਨਦੀਪ ਕੌਰ ਵਲੋਂ ਪਤੀ ਖਿਲਾਫ ਦਰਜ ਸ਼ਿਕਾਇਤ ਵਿਚ ਕਿਹਾ ਹੈ ਕਿ ਮੰਗਲਵਾਰ ਦੁਪਹਿਰ ਨੂੰ ਉਸ ਦੇ ਨਸ਼ੇ ਦੇ ਆਦੀ ਪਤੀ ਨੇ ਪੈਸੇ ਮੰਗੇ। ਉਸ ਨੇ ਇਨਕਾਰ ਕੀਤਾ ਤਾਂ ਝਗੜੇ ਦੌਰਾਨ ਮੁਲਜ਼ਮ ਲਵਪ੍ਰੀਤ ਨੇ ਹਵਾ ਵਿਚ ਗੋਲੀ ਚਲਾ ਦਿੱਤੀ।

ਪੀੜਤਾ ਗਗਨਦੀਪ ਕੌਰ ਦੇ ਬਿਆਨ ਮੁਤਾਬਕ ਮੰਗਲਵਾਰ ਦੁਪਹਿਰ ਕਰੀਬ 1 ਵਜੇ ਉਸ ਦਾ ਪਤੀ ਲਵਪ੍ਰੀਤ ਕੁਮਾਰ ਘਰ ਪੁੱਜਾ ਅਤੇ ਨਸ਼ੇ ਲਈ ਪੈਸੇ ਮੰਗਣ ਲੱਗਾ। ਗਗਨਦੀਪ ਦੇ ਮਨ੍ਹਾ ਕਰਨ ’ਤੇ ਵਿਵਾਦ ਵਧ ਗਿਆ। ਦੋਸ਼ ਹੈ ਕਿ ਲਵਪ੍ਰੀਤ ਨੇ ਆਪਣੇ ਕੋਲ ਰੱਖੀ ਨਾਜਾਇਜ਼ ਪਿਸਤੌਲ ਵਰਗੇ ਹਥਿਆਰ ਕੱਢ ਕੇ ਉਸ ਨੂੰ ਡਰਾਉਣ ਲਈ ਹਵਾ ’ਚ ਫਾਇਰ ਕਰ ਦਿੱਤਾ। ਅਚਾਨਕ ਹੋਈ ਫਾਇਰਿੰਗ ਨਾਲ ਗਗਨਦੀਪ ਘਬਰਾ ਗਈ ਅਤੇ ਤੁਰੰਤ ਭੱਜ ਕੇ ਅੰਦਰ ਕਮਰੇ ਵਿਚ ਜਾ ਕੇ ਲੁਕ ਗਈ। ਔਰਤ ਮੁਤਾਬਕ ਗੋਲੀ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਵੀ ਸਹਿਮ ਗਏ। ਇਸ ਤੋਂ ਬਾਅਦ ਮੁਲਜ਼ਮ ਮੌਕਾ ਪਾ ਕੇ ਹਥਿਆਰ ਸਮੇਤ ਉਥੋਂ ਪੱਜ ਗਿਆ।

ਨਸ਼ੇ ਦੀ ਲਾਤ ਕਾਰਨ ਆਏ ਦਿਨ ਵਿਵਾਦ

ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਲਵਪ੍ਰੀਤ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਹੈ ਅਤੇ ਪੈਸੇ ਲਈ ਝਗੜਾ ਕਰਦਾ ਰਹਿੰਦਾ ਹੈ। ਕਈ ਵਾਰ ਉਹ ਘਰ ਵਿਚ ਝਗੜਾ ਖੜ੍ਹਾ ਕਰ ਦਿੰਦਾ ਹੈ ਪਰ ਇਸ ਵਾਰ ਮਾਮਲਾ ਗੰਭੀਰ ਹੋ ਗਿਆ, ਕਿਉਂਕਿ ਉਸ ਨੇ ਸਿੱਧਾ ਹਥਿਆਰ ਕੱਢ ਲਿਆ। ਪੁਲਸ ਵਲੋਂ ਨਾਜਾਇਜ਼ ਹਥਿਆਰ ਦੀ ਬਰਾਮਦਗੀ ਅਤੇ ਮੁਲ਼ਜਮ ਦੇ ਨਸ਼ੇ ਦੇ ਸਰੋਤ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।


author

Anmol Tagra

Content Editor

Related News