ਪਟਾਕੇ ਵਜਾਉਣ ਵਾਲਾ ਬੁਲੇਟ ਜ਼ਬਤ, 13 ਹਜ਼ਾਰ ਦਾ ਕੱਟਿਆ ਚਲਾਨ
Tuesday, Dec 09, 2025 - 02:04 PM (IST)
ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਟ੍ਰੈਫਿਕ ਪੁਲਸ ਨੇ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਦਿਖਾਉਂਦੇ ਹੋਏ ਇਕ ਬੁਲੇਟ ਮੋਟਰਸਾਈਕਲ ਸਵਾਰ ਖ਼ਿਲਾਫ਼ ਕਾਰਵਾਈ ਕੀਤੀ ਹੈ। ਪੁਲਸ ਨੇ ਬਿਨਾਂ ਲਾਇਸੈਂਸ, ਬਿਨਾਂ ਹੈਲਮੇਟ, ਟ੍ਰਿੱਪਲ ਰਾਈਡਿੰਗ ਅਤੇ ਮੋਡੀਫਾਈਡ ਸਲੈਂਸਰ ਨਾਲ ਪਟਾਕੇ ਮਾਰਦੇ ਮੋਟਰਸਾਈਕਲ ਨੂੰ ਮੌਕੇ ’ਤੇ ਹੀ ਜ਼ਬਤ ਕਰ ਲਿਆ। ਨਿਯਮਾਂ ਦੀ ਉਲੰਘਣਾ ਕਰਨ ’ਤੇ ਕਰੀਬ 13 ਹਜ਼ਾਰ ਰੁਪਏ ਦਾ ਭਾਰੀ ਚਲਾਨ ਵੀ ਕੱਟਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ’ਚ ਮੋਡੀਫਾਈਡ ਸਲੈਂਸਰਾਂ ਨਾਲ ਪਟਾਕੇ ਵਜਾਉਣ ਬਾਰੇ ਰੋਜ਼ਾਨਾ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਕਾਰਨ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਦੇ ਨਿਯਮ ਤੋੜਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਪੁਲਸ ਨੇ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਜ਼ਿੰਮੇਵਾਰ ਨਾਗਰਿਕ ਵਜੋਂ ਟ੍ਰੈਫਿਕ ਨਿਯਮਾਂ ਦਾ ਆਦਰ ਕਰਨ ਦੀ ਅਪੀਲ ਕੀਤੀ।
