ਪੁਰਤਗਾਲ ਸੜਕ ਹਾਦਸਾ: ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਭਾਰਤ ਲਿਆਉਣਗੇ ਸੋਮ ਪ੍ਰਕਾਸ਼
Saturday, Jul 20, 2019 - 01:49 PM (IST)

ਹੁਸ਼ਿਆਰਪੁਰ (ਅਮਰੀਕ)— ਪੁਰਤਗਾਲ 'ਚ ਇਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਭਾਰਤੀ ਨੌਜਵਾਨਾਂ ਦੀਆਂ ਲਾਸ਼ਾਂ ਭਾਰਤ ਲਿਆਉਣ ਲਈ ਚਾਰਾਜੋਈ ਸ਼ੁਰੂ ਹੋ ਗਈ ਹੈ। ਇਸ ਮਾਮਲੇ 'ਚ ਹੁਸ਼ਿਆਰਪੁਰ ਤੋਂ ਐੱਮ. ਪੀ. ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ ਹੈ ਅਤੇ ਚਾਰੋਂ ਨੌਜਵਾਨਾਂ ਦੀਆਂ ਲਾਸ਼ਾਂ ਜਲਦ ਤੋਂ ਜਲਦ ਵਤਨ ਲਿਆਉਣ ਦੀ ਗੁਜ਼ਾਰਿਸ਼ ਕੀਤੀ ਹੈ। ਵਿਦੇਸ਼ ਮੰਤਰੀ ਨੇ ਇਸ ਸਬੰਧ 'ਚ ਸੰਸਦ ਮੈਂਬਰ ਸੋਮ ਪ੍ਰਕਾਸ਼ ਨੂੰ ਜਲਦ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ।
ਦੱਸ ਦੇਈਏ ਕਿ 12 ਜੁਲਾਈ ਨੂੰ ਪੁਰਤਗਾਲ 'ਚ ਵਾਪਰੇ ਸੜਕ ਹਾਦਸੇ 'ਚ ਜੋ ਚਾਰ ਨੌਜਵਾਨ ਮਾਰੇ ਗਏ ਸਨ, ਉਨ੍ਹਾਂ 'ਚੋਂ 2 ਹੁਸ਼ਿਆਰਪੁਰ ਹਲਕੇ ਨਾਲ ਸਬੰਧਤ ਹਨ, ਜਿਨ੍ਹਾਂ ਦੇ ਪਰਿਵਾਰਾਂ ਨੇ ਉਨ੍ਹਾਂ ਦੀ ਲਾਸ਼ਾਂ ਲਿਆਉਣ ਲਈ ਸਰਕਾਰ ਨੂੰ ਗੁਹਾਰ ਲਗਾਈ ਸੀ। ਇਨ੍ਹਾਂ ਦੀ ਪਛਾਣ ਰਜਤ ਪੁੱਤਰ ਕਿਸ਼ਨ ਗੋਪਾਲ ਵਾਸੀ ਮਿਆਣੀ ਅਤੇ ਮੁਕੇਰੀਆਂ ਦੇ ਰਹਿਣ ਵਾਲੇ ਪ੍ਰੀਤਪਾਲ ਸਿੰਘ ਦੇ ਰੂਪ 'ਚ ਹੋਈ ਸੀ। ਇਸ ਤੋਂ ਇਲਾਵਾ ਇਕ ਨੌਜਵਾਨ ਪ੍ਰਦੀਪ ਬਟਾਲਾ ਅਤੇ ਇਕ ਹਰਿਆਣਾ ਦੇ ਭੇਵਾ ਦਾ ਰਹਿਣ ਵਾਲਾ ਸੀ। ਇਹ ਹਾਦਸਾ ਪੁਰਤਗਾਲ ਲਿਸਬਨ ਸਿਟੀ ਨੇੜੇ ਸੈਂਟੋ ਐਨਤੋਨੀਓ ਇਲਾਕੇ ਦੇ ਪਿੰਡ ਨੇੜੇ ਹੋਇਆ ਸੀ।