PRTC ਦੇ ਡਰਾਈਵਰ ਦੀ ਸੜਕ ਹਾਦਸੇ ’ਚ ਮੌਤ

Sunday, Mar 15, 2026 - 12:40 PM (IST)

PRTC ਦੇ ਡਰਾਈਵਰ ਦੀ ਸੜਕ ਹਾਦਸੇ ’ਚ ਮੌਤ

ਬੋਹਾ (ਅਮਨਦੀਪ) : ਬੋਹਾ-ਬੁਢਲਾਡਾ ਨਹਿਰੀ ਪੁਲ ਕੋਲ ਵਾਪਰੇ ਸੜਕ ਹਾਦਸੇ 'ਚ ਪੀ. ਆਰ. ਟੀ. ਸੀ. ਦੇ ਡਰਾਈਵਰ ਦਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਬੋਹਾ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦਵਿੰਦਰ ਸਿੰਘ ਸਵੇਰ ਸਮੇਂ ਆਪਣੀ ਡਿਊਟੀ ’ਤੇ ਹਾਜ਼ਰ ਹੋਣ ਲਈ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਬੁਢਲਾਡਾ ਵੱਲ ਜਾ ਰਿਹਾ ਸੀ, ਤਾਂ ਸਾਹਮਣੇ ਵਾਲੇ ਪਾਸਿਓਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ ਤੇ ਉਸਨੂੰ ਦੂਰ ਤਕ ਘੜੀਸ ਕੇ ਲੈ ਗਈ। ਬਾਅਦ ’ਚ ਕਾਰ ਸਤੁੰਲਨ ਵਿਗੜ ਜਾਣ ਕਾਰਨ ਨੇੜਲੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਵਿਚ ਵੜ ਗਈ ਤੇ ਦੋਸ਼ੀ ਕਾਰ ਛੱਡ ਕੇ ਫ਼ਰਾਰ ਹੋ ਗਏ। ਇਸ ਘਟਨਾ ਦਾ ਪਤਾ ਲੱਗਣ ’ਤੇ ਪੀ. ਆਰ. ਟੀ. ਸੀ .ਕੱਚਾ ਮੁਲਾਜ਼ਮ ਯੂਨੀਅਨ ਤੇ ਬੋਹਾ ਦੇ ਲੋਕਾਂ ਨੇ ਮ੍ਰਿਤਕ ਦੀ ਲਾਸ਼ ਸੜਕ ’ਤੇ ਰੱਖ ਕੇ ਧਰਨਾ ਲਾ ਕੇ ਚੱਕਾ ਜਾਮ ਕਰ ਦਿੱਤਾ। ਧਰਨਾਕਾਰੀਆਂ ਨੇ ਕਾਰ ਸਵਾਰ ਲੋਕਾਂ ਨੂੰ ਤਰੁੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਪੀ. ਆਰ. ਟੀ. ਸੀ. ਕਰਮਚਾਰੀ ਯੂਨੀਅਨ ਦੇ ਸੂਬਾ ਸਕੱਤਰ ਰਮਨਜੀਤ ਸਿੰਘ ਤੇ ਬੁਢਲਾਡਾ ਡੀਪੂ ਦੇ ਪ੍ਰਧਾਨ ਰਾਜਦੀਪ ਸਿੰਘ ਨੇ ਮੰਗ ਕੀਤੀ ਕਿ ਮ੍ਰਿਤਕ ਡਰਾਈਵਰ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਉਸ ਤੇ ਆਸ਼ਰਿਤ ਤਿੰਨ ਬੱਚਿਆਂ ਦੀ ਪਰਵਰਿਸ਼ ਲਈ ਪੰਜਾਹ ਲੱਖ ਦੀ ਰਾਸ਼ੀ ਜਾਰੀ ਕੀਤੀ ਜਾਵੇ। ਇਸ ਸਮੇਂ ਮੌਕੇ ’ਤੇ ਪਹੁੰਚੇ ਥਾਣਾ ਬੋਹਾ ਦੇ ਮੁਖੀ ਬਲਦੇਵ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੀ ਸਨਾਖਤ ਕਰ ਲਈ ਗਈ ਹੈ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮ ਰਵਾਨਾ ਹੋ ਗਈ ਹੈ। ਇਸ ਮੌਕੇ ’ਤੇ ਪੁੱਜੇ ਵਿਧਾਨ ਸਭਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਰੋਡਵੇਜ਼ ਅਤੇ ਹੋਰ ਸਬੰਧਿਤ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਗੱਲ ਕਰ ਕੇ ਉਨ੍ਹਾਂ ਦੀਆਂ ਕੁੱਝ ਮੰਗਾਂ ਪ੍ਰਵਾਨ ਕਰਨ ਦਾ ਵਿਸ਼ਵਾਸ ਦਿਵਾਇਆ ਪਰ ਧਰਨਾਕਾਰੀ ਸਤੁੰਸ਼ਟ ਨਾ ਹੋਏ ।
 


author

Babita

Content Editor

Related News