ਭਿਆਨਕ ਸੜਕ ਹਾਦਸੇ ''ਚ ਪਰਵਾਸੀ ਮਜ਼ਦੂਰ ਦੀ ਮੌਤ
Saturday, Mar 14, 2026 - 10:02 AM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਟਾਂਡਾ ਹੁਸ਼ਿਆਰਪੁਰ ਸੜਕ 'ਤੇ ਪੈਟਰੋਲ ਪੰਪ ਨਜ਼ਦੀਕ ਅੱਜ ਇੱਕ ਮਹਿੰਦਰਾ ਪਿਕਅਪ ਤੇ ਟਿੱਪਰ ਦਰਮਿਆਨ ਵਾਪਰੇ ਭਿਆਨਕ ਸੜਕ ਹਾਦਸੇ 'ਚ ਇੱਕ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਅਤੇ 3 ਮਜ਼ਦੂਰ ਜ਼ਖਮੀ ਹੋ ਗਏ। ਭਿਆਨਕ ਸੜਕ ਹਾਦਸਾ ਸਵੇਰੇ ਕਰੀਬ 7.45 ਵਜੇ ਉਸ ਸਮੇਂ ਵਾਪਰਿਆ, ਜਦੋਂ ਪਿੰਡ ਬੱਸੀ ਜਲਾਲ ਤੋਂ ਮਹਿੰਦਰਾ ਪਿੱਕਅਪ ਗੱਡੀ 'ਚ ਸਵਾਰ ਹੋ ਕੇ ਪਰਵਾਸੀ ਮਜ਼ਦੂਰ ਆਪਣੇ ਲੇਬਰ ਦੇ ਕੰਮ 'ਤੇ ਜਾ ਰਹੇ ਸਨ। ਇਸ ਦੌਰਾਨ ਅਚਾਨਕ ਹੀ ਉਨਾਂ ਦੀ ਗੱਡੀ ਸੜਕ ਕਿਨਾਰੇ ਖੜ੍ਹੇ ਟਿੱਪਰ 'ਚ ਟਕਰਾ ਗਈ। ਸੜਕ ਹਾਦਸੇ ਦੌਰਾਨ ਪਰਵਾਸੀ ਮਜ਼ਦੂਰ ਥੋਕੇ ਸਿੰਘ ਮੂਲੀ ਰਾਮ ਵਾਸੀ ਲਖੀਮਪੁਰ ਖੀਰੀ ਯੂ. ਪੀ. ਦੀ ਮੌਕੇ ਤੇ ਹੀ ਮੌਤ ਹੋ ਗਈ, ਜਦ ਕਿ ਗੱਡੀ ਵਿੱਚ ਸਵਾਰ ਹੋਰ ਮਜ਼ਦੂਰ ਜੋਤੀ ਪਤਨੀ ਰਾਜੂ, ਰਾਮ ਰਾਣੀ ਪਤਨੀ ਸਗਰਾਮ ਤੇ ਅਮਰ ਚੌਧਰੀ ਪੁੱਤਰ ਗਿਆਨ ਸਿੰਘ ਵਾਸੀ ਵਾਸੀ ਲਖੀਮਪੁਰ ਯੂ. ਪੀ. ਹਾਲ ਵਾਸੀ ਪਿੰਡ ਵਸੀ ਜਲਾਲ ਗੰਭੀਰ ਜ਼ਖਮੀ ਹੋ ਗਏ।
ਇਸ ਹਾਦਸੇ ਦੀ ਸੂਚਨਾ ਮਿਲਣ ਉਪਰੰਤ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦਾ ਸ਼ਿਕਾਰ ਵਾਹਨਾ ਨੂੰ ਕਬਜ਼ੇ ਵਿੱਚ ਲਿਆ ਅਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ, ਜਿੱਥੋਂ ਸਾਰੇ ਜ਼ਖਮੀਆਂ ਦੀ ਹਾਲਤ ਗੰਭੀਰ ਦੇਖਦੇ ਹੋਏ ਹੁਸ਼ਿਆਰਪੁਰ ਰੈਫ਼ਰ ਕਰ ਦਿੱਤਾ ਗਿਆ। ਰਾਹਗੀਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਇਹ ਹਾਦਸਾ ਸੜਕ ਕਿਨਾਰੇ ਲੱਗੀ ਅੱਗ ਦੇ ਧੂੰਏਂ ਕਾਰਨ ਵਾਪਰਿਆ ਹੈ। ਇਸ ਸਬੰਧੀ ਪੁਲਸ ਵੱਲੋਂ ਹੋਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
