ਭਿਆਨਕ ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ, ਪਤਨੀ ਗੰਭੀਰ ਜ਼ਖਮੀ

Sunday, Mar 15, 2026 - 11:53 AM (IST)

ਭਿਆਨਕ ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ, ਪਤਨੀ ਗੰਭੀਰ ਜ਼ਖਮੀ

ਮੋਗਾ (ਕਸ਼ਿਸ਼) : ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾਪੁਰਾਣਾ ਨੇੜੇ ਪਿੰਡ ਰਾਜਿਆਣਾ ਕੋਲ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਪਤਨੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਜ਼ਖਮੀ ਔਰਤ ਨੂੰ ਇਲਾਜ ਲਈ ਫਰੀਦਕੋਟ ਮੈਡੀਕਲ ਕਾਲਜ ਰੈਫ਼ਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਤੀ-ਪਤਨੀ ਆਪਣੇ ਜੁਗਾੜੂ ਰੇੜੇ ‘ਤੇ ਸਵਾਰ ਹੋ ਕੇ ਮੇਲੇ 'ਚ ਖਿਡੌਣਿਆਂ ਦੀ ਦੁਕਾਨ ਲਗਾਉਣ ਲਈ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਪਿੰਡ ਵੜਦਾ ਤੋਂ ਚੰਦ ਪੁਰਾਣਾ ਵਿਖੇ ਲੱਗਣ ਵਾਲੇ ਮੇਲੇ 'ਚ ਦੁਕਾਨ ਲਗਾਉਣ ਲਈ ਨਿਕਲੇ ਸਨ। ਜਦੋਂ ਉਹ ਬਾਘਾਪੁਰਾਣਾ ਦੇ ਪਿੰਡ ਰੋਡੇ ਕੋਲ ਪਹੁੰਚੇ ਤਾਂ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਉਨ੍ਹਾਂ ਦਾ ਜੁਗਾੜੂ ਰੇੜਾ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਪਤੀ-ਪਤਨੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਪਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਜ਼ਖਮੀ ਔਰਤ ਨੂੰ ਬੜੀ ਮੁਸ਼ੱਕਤ ਤੇ ਬਾਅਦ ਟਰੱਕ ਥੱਲਿਓਂ ਕੱਢ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਹਾਦਸੇ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ 108 ਐਂਬੂਲੈਂਸ ਦੀ ਮਦਦ ਨਾਲ ਦੋਵੇਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਹਸਪਤਾਲ 'ਚ ਡਾਕਟਰਾਂ ਵੱਲੋਂ ਜਾਂਚ ਕਰਨ ਉਪਰੰਤ ਔਰਤ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅਗਲੇ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬੂਟਾ ਸਿੰਘ (55) ਪੁੱਤਰ ਤਾਰਾ ਸਿੰਘ ਨਿਵਾਸੀ ਪਿੰਡ ਬਾਂਦਰਾਂ ਵਜੋਂ ਹੋਈ ਹੈ, ਜਦੋਂ ਕਿ ਜ਼ਖਮੀ ਔਰਤ ਦੀ ਪਛਾਣ ਉਸ ਦੀ ਪਤਨੀ ਬਲਜੀਤ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਤੀ-ਪਤਨੀ ਮੇਲਿਆਂ 'ਚ ਖਿਡੌਣਿਆਂ ਦੀ ਦੁਕਾਨ ਲਗਾ ਕੇ ਆਪਣਾ ਗੁਜ਼ਾਰਾ ਕਰਦੇ ਸਨ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦਰਦਨਾਕ ਹਾਦਸੇ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
 


author

Babita

Content Editor

Related News