ਰੈਸਟੋਰੈਂਟ ਵਿਖੇ ਕਪਲ ਕੈਬਿਨ ਸਿਟਿੰਗ ਚਾਰਜ ਦੇ ਨਾਂ ''ਤੇ ਪ੍ਰਤੀ ਘੰਟਾ 300 ਰੁਪਏ ਹੋ ਰਹੀ ਹੈ ਵਸੂਲੀ
Monday, Mar 05, 2018 - 04:35 PM (IST)
ਜਲੰਧਰ (ਜ. ਬ.)— ਮਹਾਨਗਰ ਵਿਖੇ ਲੜਕੇ-ਲੜਕੀਆਂ ਨੂੰ ਇਕੱਲਿਆਂ ਸਿਟਿੰਗ ਦਾ ਮੌਕਾ ਮੁਹੱਈਆ ਕਰਵਾਉਣ ਲਈ ਰੈਸਟੋਰੈਂਟ ਵਾਲਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਬਣਾਈਆਂ ਹੋਈਆਂ ਹਨ। ਉਹ ਰੈਸਟੋਰੈਂਟ 'ਚ ਆਉਣ ਵਾਲੇ ਨੌਜਵਾਨ ਜੋੜਿਆਂ ਤੋਂ ਸਿਟਿੰਗ ਚਾਰਜਾਂ ਦੇ ਨਾਂ 'ਤੇ 250-300 ਰੁਪਏ ਪ੍ਰਤੀ ਘੰਟਾ ਵਸੂਲ ਰਹੇ ਹਨ। ਵਰਕਸ਼ਾਪ ਚੌਕ, ਬੀ. ਐੱਸ. ਐੱਫ. ਚੌਕ ਕਾਲੋਨੀ ਸਮੇਤ ਸ਼ਹਿਰ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਆਲੇ-ਦੁਆਲੇ ਸ਼ਰੇਆਮ ਚੱਲ ਰਹੇ ਕਿਊਬ ਅਤੇ ਚਾਹ ਜਿਹੇ ਰੈਸਟੋਰੈਂਟਾਂ 'ਚ ਨੌਜਵਾਨ ਕਪਲ ਨੂੰ ਹੀ ਐਂਟਰੀ ਦਿੱਤੀ ਜਾਂਦੀ ਹੈ। ਅਜਿਹੇ ਜੋੜਿਆਂ ਨੂੰ ਵੱਖ ਕੈਬਿਨ ਤੱਕ ਮੁਹੱਈਆ ਕਰਵਾਏ ਜਾਂਦੇ ਹਨ। ਜਗ੍ਹਾ ਦੀ ਕਮੀ ਕਾਰਨ ਅਜਿਹੇ ਰੈਸਟੋਰੈਂਟਾਂ 'ਚ ਐਡਵਾਂਸ ਬੁਕਿੰਗ ਕਰਵਾਈ ਜਾਂਦੀ ਹੈ। ਕਪਲ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਜਾਂਦਾ ਹੈ, ਕਿਉਂਕਿ ਉਹ ਪੁਲਸ-ਪ੍ਰਸ਼ਾਸਨ ਨੂੰ ਅਜਿਹੇ ਕੰਮਾਂ ਲਈ ਮਹੀਨਾ ਦਿੰਦੇ ਹਨ, ਜਿਸ ਕਾਰਨ ਛਾਪੇਮਾਰੀ ਨਹੀਂ ਹੁੰਦੀ। ਉਕਤ ਤੱਥ ਦੀ ਪੁਸ਼ਟੀ ਕਰਨ ਲਈ ਲੜਕੇ-ਲੜਕੀ ਨੂੰ ਰੈਸਟੋਰੈਂਟ 'ਚ ਭੇਜਿਆ ਗਿਆ ਹੈ, ਜਿਨ੍ਹਾਂ ਨੇ ਅੰਦਰ ਦੀਆਂ ਤਸਵੀਰਾਂ ਕਲਿਕ ਕਰਕੇ ਪੂਰੀ ਜਾਣਕਾਰੀ ਮੁਹੱਈਆ ਕਰਵਾਈ।
ਉਨ੍ਹਾਂ ਦੱਸਿਆ ਕਿ ਸਿਰਫ ਇਕ-ਇਕ ਕੋਲਡਰਿੰਕ ਦੇ ਬਦਲੇ ਉਨ੍ਹਾਂ ਤੋਂ 350 ਰੁਪਏ ਦੀ ਰਕਮ ਵਸੂਲੀ ਗਈ। ਰੈਸਟੋਰੈਂਟ ਤੋਂ ਇਲਾਵਾ ਕਈ ਹੋਟਲਾਂ, ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੇ ਨੇੜੇ ਬਣੇ ਗੈਸਟ ਹਾਊਸਾਂ 'ਚ ਵੀ ਸਿਟਿੰਗ ਚਾਰਜ ਲਏ ਜਾਂਦੇ ਹਨ। ਕਪਲ ਨੂੰ ਬਿਨਾਂ ਆਈ. ਡੀ. ਪਰੂਫ ਦੇ ਰੂਮ ਤੱਕ ਮੁਹੱਈਆ ਕਰਵਾਏ ਜਾਂਦੇ ਹਨ। ਕੀ ਪੁਲਸ-ਪ੍ਰਸ਼ਾਸਨ ਇਸ ਪਾਸੇ ਧਿਆਨ ਦੇਵੇਗਾ?
