ਵਿਦੇਸ਼ ਭੇਜਣ ਦੇ ਨਾਂ ''ਤੇ ਠੱਗੀ ਮਾਰਨ ਵਾਲੇ ਟ੍ਰੈਵਟ ਏਜੰਟਾਂ ਖ਼ਿਲਾਫ਼ ਪਰਚਾ ਦਰਜ
Tuesday, Apr 07, 2026 - 01:07 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ/ਪਰਮਜੀਤ ਸਿੰਘ ਮੋਮੀ)- ਟਾਂਡਾ ਨਾਲ ਸਬੰਧਿਤ 2 ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ 2 ਲੋਕਾਂ ਖਿਲਾਫ ਟਾਂਡਾ ਪੁਲਸ ਨੇ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਟਾਂਡਾ ਦੇ ਮੁਖੀ ਇੰਸਪੈਕਟਰ ਗੁਰਜਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਨੂੰ ਦਿੱਤੀ ਗਈ ਸ਼ਿਕਾਇਤ ਉਪਰੰਤ ਡੀ.ਐੱਸ.ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਵੱਲੋਂ ਕੀਤੀ ਗਈ ਜਾਂਚ ਪੜਤਾਲ ਦੌਰਾਨ ਪਹਿਲਾ ਮਾਮਲਾ ਅਮਨਦੀਪ ਸਿੰਘ ਵਾਸੀ ਖਰੜ ਮੁਹਾਲੀ ਦੇ ਖਿਲਾਫ ਠੱਗੀ ਦਾ ਸ਼ਿਕਾਰ ਹੋਏ ਨਵਦੀਪ ਪਾਲ ਸਿੰਘ ਪੁੱਤਰ ਰਜਿੰਦਰ ਪਾਲ ਸਿੰਘ ਵਾਸੀ ਅਹੀਆਪੁਰ ਟਾਂਡਾ ਦੇ ਬਿਆਨਾਂ ਦੇ ਅਧਾਰ 'ਤੇ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਨਵਦੀਪ ਪਾਲ ਸਿੰਘ ਨੇ ਦੱਸਿਆ ਕਿ ਟਰੈਵਲ ਏਜੰਟ ਨੇ ਉਸ ਕੋਲੋਂ ਵਿਦੇਸ਼ ਜਾਣ ਵਾਸਤੇ 2.68 ਲੱਖ ਰੁਪਏ ਲਏ ਸਨ ਪਰ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਹੁਣ ਉਸ ਦੇ ਪੈਸੇ ਵਾਪਸ ਕਰ ਰਿਹਾ ਹੈ। ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸ ਮਾਮਲੇ ਦੀ ਹੋਰ ਜਾਂਚ ਪੜਤਾਲ ਏ.ਐੱਸ.ਆਈ ਲਖਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਹੀ ਦੂਸਰੇ ਮਾਮਲੇ ਵਿਚ ਟਾਂਡਾ ਪੁਲਸ ਨੇ ਜੈ ਬਾਲਾ ਪਤਨੀ ਅਮਰਦੀਪ ਸਿੰਘ ਵਾਸੀ ਸੰਤੋਖਪੁਰਾ ਜਲੰਧਰ ਨੂੰ ਨਾਮਜ਼ਦ ਕੀਤਾ ਹੈ ਪੁਲਸ ਨੇ ਇਹ ਮਾਮਲਾ ਅਸ਼ਨੀ ਕੁਮਾਰ ਪੁੱਤਰ ਲਹੋਰੀ ਰਾਮ ਵਾਸੀ ਵਾਰਡ ਨੰਬਰ 6 ਟਾਂਡਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਕੀਤਾ ਹੈ। ਅਸ਼ਨੀ ਕੁਮਾਰ ਨੇ ਦਿੱਤੀ ਗਈ ਸ਼ਿਕਾਇਤ ਵਿਚ ਦੱਸਿਆ ਕਿ ਉਕਤ ਔਰਤ ਨੇ ਉਸ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 12.78 ਹਜ਼ਾਰ ਰੁਪਏ ਲਏ ਸਨ, ਪਰ ਨਾ ਹੀ ਤਾਂ ਉਸ ਨੇ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਟਾਂਡਾ ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਾਮਲੇ ਦੀ ਹੋਰ ਤਫਤੀਸ਼ ਏ.ਐੱਸ.ਆਈ ਤਲਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
