ਵਾਢੀ ਤੋਂ ਘੰਟਾ ਪਹਿਲਾਂ ਸੜ ਕੇ ਸੁਆਹ ਹੋ ਗਈ ਫ਼ਸਲ! ਪਿੰਡ ਵਾਸੀਆਂ ਨੇ ਲੱਖ ਰੁਪਈਆ ਦੇ ਕੇ ਕੀਤੀ ਭਰਾਵਾਂ ਦੀ ਮਦਦ
Sunday, Apr 19, 2026 - 06:43 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ ਦੇ ਸਰਹੱਦੀ ਪਿੰਡ ਪੱਕਾ ਚਿਸ਼ਤੀ ਦੇ ਦੋ ਕਿਸਾਨ ਭਰਾਵਾਂ ਦੀ ਚਾਰ ਏਕੜ ਕਣਕ ਦੀ ਫ਼ਸਲ ਨੂੰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਸ ਨਾਲ ਉਨ੍ਹਾਂ ਦੀ ਸਾਰੀ ਖੜ੍ਹੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਸਿਰਫ਼ ਚਾਰ ਏਕੜ 'ਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਵਾਲੇ ਦੋਵਾਂ ਭਰਾਵਾਂ ਨੂੰ ਆਰਥਿਕ ਪੱਧਰ 'ਤੇ ਬਹੁਤ ਵੱਡਾ ਝਟਕਾ ਲੱਗਿਆ। ਇਸ ਦੌਰਾਨ ਜਿੱਥੇ ਪਿੰਡ ਦੇ ਕਿਸਾਨਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ, ਉੱਥੇ ਹੀ ਇਨ੍ਹਾਂ ਕਿਸਾਨ ਭਰਾਵਾਂ ਦੀ ਮਦਦ ਲਈ ਪਿੰਡ ਦੇ ਲੋਕਾਂ ਨੇ ਆਪਣੇ ਪੱਧਰ 'ਤੇ ਕਰੀਬ ਇਕ ਲੱਖ ਦੀ ਨਕਦੀ ਇਕੱਠੀ ਕਰਕੇ ਦੋਵਾਂ ਭਰਾਵਾਂ ਨੂੰ ਸੌਂਪ ਕੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਹੈ। ਭਾਰਤ ਦੇ ਆਖ਼ਰੀ ਪਿੰਡ ਵਜੋਂ ਜਾਣੇ ਜਾਂਦੇ ਪਿੰਡ ਪੱਕਾ ਚਿਸ਼ਤੀ ਦੇ ਕਿਸਾਨਾਂ ਨੇ ਮਿਸਾਲ ਪੇਸ਼ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਦੋ ਭਰਾ ਹਨ ਅਤੇ ਦੋਵਾਂ ਦੀ ਭਾਰਤ-ਪਾਕਿ ਸਰਹੱਦ ਦੀ ਅੰਤਰਰਾਸ਼ਟਰੀ ਤਾਰਬੰਦੀ ਦੇ ਕੋਲ ਚਾਰ ਏਕੜ ਕਣਕ ਦੀ ਫ਼ਸਲ ਪੱਕ ਕੇ ਤਿਆਰ ਖੜ੍ਹੀ ਸੀ। ਕਰੀਬ ਇਕ ਘੰਟੇ ਬਾਅਦ ਹੀ ਉਨ੍ਹਾਂ ਨੇ ਫ਼ਸਲ ਦੀ ਕਟਾਈ ਦਾ ਕੰਮ ਸ਼ੁਰੂ ਕਰਨਾ ਸੀ ਕਿ ਇਸ ਤੋਂ ਪਹਿਲਾਂ ਹੀ ਅਚਾਨਕ ਸ਼ਾਰਟ ਸਰਕਟ ਨਾਲ ਉਨ੍ਹਾਂ ਦੀ ਫ਼ਸਲ ਨੇ ਅੱਗ ਫੜ ਲਈ। ਅੱਗ ਇੰਨੀ ਭਿਆਨਕ ਸੀ ਕਿ ਉਨ੍ਹਾਂ ਦੀ ਸਾਰੀ ਦੀ ਸਾਰੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਹਾਲਾਤ ਇਹ ਹੋ ਗਏ ਕਿ ਘਰ ਵਿਚ ਖਾਣ ਲਈ ਕਣਕ ਦੇ ਦਾਣੇ ਤੱਕ ਨਹੀਂ ਬਚੇ। ਘਟਨਾ ਦਾ ਪਤਾ ਲੱਗਦੇ ਹੀ ਮੌਕੇ 'ਤੇ ਪਹੁੰਚੇ ਪਿੰਡ ਦੇ ਲੋਕਾਂ ਨੇ ਮਦਦ ਕਰਕੇ ਅੱਗ 'ਤੇ ਕਾਬੂ ਤਾਂ ਪਾਇਆ, ਪਰ ਫ਼ਸਲ ਦੇ ਨੁਕਸਾਨ ਅਤੇ ਦੋਵਾਂ ਕਿਸਾਨ ਭਰਾਵਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਪਿੰਡ ਦੇ ਲੋਕ ਇਕਜੁੱਟ ਹੋਏ ਅਤੇ ਸਾਰੇ ਪਿੰਡ ਦੇ ਲੋਕਾਂ ਨੇ ਇਕ ਘੰਟੇ ਦੇ ਅੰਦਰ ਪੈਸਾ ਇਕੱਠਾ ਕੀਤਾ ਅਤੇ ਕਰੀਬ ਇਕ ਲੱਖ ਰੁਪਏ ਦੀ ਆਰਥਿਕ ਮਦਦ ਕਿਸਾਨ ਭਰਾਵਾਂ ਨੂੰ ਦਿੱਤੀ।
ਉੱਥੇ ਹੀ ਨਾਲ ਲੱਗਦੇ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਵੀ ਦੋ ਭਰਾ ਹਨ ਜਿਨ੍ਹਾਂ ਕੋਲ ਮਹਿਜ਼ ਢਾਈ ਏਕੜ ਜ਼ਮੀਨ ਹੈ ਅਤੇ ਇਸੇ ਅੱਗ ਕਾਰਨ ਉਨ੍ਹਾਂ ਦੀ ਵੀ 4 ਕਨਾਲ ਕਣਕ ਦੀ ਫ਼ਸਲ ਸੜ ਗਈ ਹੈ। ਸਰਪੰਚ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦੀ ਫ਼ਸਲ ਤਾਂ ਨਹੀਂ ਬਚਾ ਸਕੇ ਪਰ ਪਿੰਡ ਦੇ ਲੋਕਾਂ ਨੇ ਇਕਜੁੱਟ ਹੋ ਕੇ ਇਨ੍ਹਾਂ ਕਿਸਾਨ ਭਰਾਵਾਂ ਦੀ ਮਦਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰੋਸ ਜ਼ਾਹਿਰ ਕੀਤਾ ਕਿ ਫਾਜ਼ਿਲਕਾ ਤੋਂ ਸਰਹੱਦੀ ਇਲਾਕੇ ਨੂੰ ਜੋੜਦੀ ਬਾਰਡਰ ਰੋਡ 'ਤੇ ਫਾਜ਼ਿਲਕਾ ਦੇ ਕੋਲ ਬਣ ਰਹੇ ਫਲਾਈਓਵਰ ਕਾਰਨ ਰੇਲਵੇ ਫਾਟਕ ਬੰਦ ਰੱਖਿਆ ਹੋਇਆ ਹੈ, ਰਸਤਾ ਨਾ ਹੋਣ ਕਾਰਨ ਲੋਕਾਂ ਨੂੰ ਪਿੰਡਾਂ ਦੀਆਂ ਲਿੰਕ ਸੜਕਾਂ ਤੋਂ ਗੁਜ਼ਰ ਕੇ ਆਉਣਾ ਪੈਂਦਾ ਹੈ ਅਤੇ ਇਹੀ ਵਜ੍ਹਾ ਰਹੀ ਕਿ ਫਾਇਰ ਬ੍ਰਿਗੇਡ ਦੀ ਗੱਡੀ ਸਮੇਂ ਸਿਰ ਨਹੀਂ ਪਹੁੰਚ ਸਕੀ ਅਤੇ ਜਦੋਂ ਤੱਕ ਗੱਡੀ ਆਈ, ਫ਼ਸਲ ਤਬਾਹ ਹੋ ਚੁੱਕੀ ਸੀ।
ਸਥਾਨਕ ਨਿਵਾਸੀ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਜੰਟ ਸਿੰਘ ਨੇ ਮੰਗ ਕੀਤੀ ਕਿ ਇਕ ਤਾਂ ਖੇਤਾਂ ਵਿੱਚੋਂ ਗੁਜ਼ਰਦੀਆਂ ਬਿਜਲੀ ਦੀਆਂ ਤਾਰਾਂ ਨੂੰ ਉੱਚਾ ਕੀਤਾ ਜਾਵੇ, ਦੂਜਾ ਬਾਰਡਰ ਰੋਡ 'ਤੇ ਲੱਗਦੇ ਫਲਾਈਓਵਰ ਦਾ ਰਸਤਾ ਖੋਲ੍ਹਿਆ ਜਾਵੇ ਅਤੇ ਤੀਜਾ ਜਿਨ੍ਹਾਂ ਕਿਸਾਨਾਂ ਦਾ ਅੱਗ ਲੱਗਣ ਨਾਲ ਨੁਕਸਾਨ ਹੋਇਆ ਹੈ, ਪ੍ਰਸ਼ਾਸਨ ਅਤੇ ਸਰਕਾਰ ਉਨ੍ਹਾਂ ਦੀ ਸਾਰ ਲਵੇ ਅਤੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
