ਜਲੰਧਰ ਨਿਗਮ ’ਚ ''QR Code'' ਵਾਲੀਆਂ ਰੇਹੜੀਆਂ ਤੋਂ ਵੀ ਹੋ ਰਹੀ ਨਕਦ ਵਸੂਲੀ, ਖ਼ਜ਼ਾਨੇ ਨੂੰ 18 ਕਰੋੜ ਦਾ ਰਗੜਾ

Tuesday, Apr 21, 2026 - 06:26 AM (IST)

ਜਲੰਧਰ ਨਿਗਮ ’ਚ ''QR Code'' ਵਾਲੀਆਂ ਰੇਹੜੀਆਂ ਤੋਂ ਵੀ ਹੋ ਰਹੀ ਨਕਦ ਵਸੂਲੀ, ਖ਼ਜ਼ਾਨੇ ਨੂੰ 18 ਕਰੋੜ ਦਾ ਰਗੜਾ

ਜਲੰਧਰ (ਖੁਰਾਣਾ) : ਨਗਰ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ ਇਕ ਵਾਰ ਫਿਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਘੇਰੇ ਵਿਚ ਹੈ। ਮੇਅਰ ਵਨੀਤ ਧੀਰ ਨੇ ਵਿਭਾਗ ਵਿਚ ਚੱਲ ਰਹੀਆਂ ਬੇਨਿਯਮੀਆਂ ਨੂੰ ਲੈ ਕੇ ਵੱਡਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਜਿਹੜੀਆਂ ਰੇਹੜੀਆਂ ’ਤੇ ਕਿਊ. ਆਰ. ਕੋਡ ਵਾਲੀਆਂ ਨੰਬਰ ਪਲੇਟਾਂ ਲਾਈਆਂ ਜਾ ਚੁੱਕੀਆਂ ਹਨ, ਉੱਥੋਂ ਵੀ ਨਿਗਮ ਕਰਮਚਾਰੀ ਨਕਦ ਵਸੂਲੀ ਕਰ ਰਹੇ ਹਨ, ਜੋ ਸਿੱਧੇ ਤੌਰ ’ਤੇ ਨਿਗਮ ਦੇ ਰੈਵੇਨਿਊ (ਮਾਲੀਏ) ਨੂੰ ਨੁਕਸਾਨ ਪਹੁੰਚਾ ਰਹੀ ਹੈ। ਮੇਅਰ ਨੇ ਦੱਸਿਆ ਕਿ ਤਹਿਬਾਜ਼ਾਰੀ ਵਿਚ ਪਾਰਦਰਸ਼ਿਤਾ ਲਿਆਉਣ ਅਤੇ ਵਸੂਲੀ ਪ੍ਰਕਿਰਿਆ ਨੂੰ ਆਨਲਾਈਨ ਕਰਨ ਦੇ ਮਕਸਦ ਨਾਲ ਇਕ ਸਾਲ ਪਹਿਲਾਂ ਸਾਰੀਆਂ ਰੇਹੜੀ-ਫੜ੍ਹੀਆਂ ਅਤੇ ਖੋਖਿਆਂ ’ਤੇ ਕਿਊ. ਆਰ. ਕੋਡ ਆਧਾਰਿਤ ਨੰਬਰ ਪਲੇਟਾਂ ਲਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਯੋਜਨਾ ਦਾ ਮਕਸਦ ਸੀ ਕਿ ਭੁਗਤਾਨ ਸਿੱਧਾ ਨਿਗਮ ਦੇ ਖਾਤੇ ਵਿਚ ਪਹੁੰਚੇ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾ ਸਕੇ।

ਹਾਲਾਂਕਿ, ਇਸ ਯੋਜਨਾ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਿਚ ਵਿਭਾਗੀ ਸਟਾਫ਼ ਦੀ ਬੇਰੁਖ਼ੀ ਸਾਫ਼ ਨਜ਼ਰ ਆਈ। ਲਗਭਗ 20 ਹਜ਼ਾਰ ਤੋਂ ਵੱਧ ਰੇਹੜੀਆਂ ਵਾਲੇ ਸ਼ਹਿਰ ਵਿਚ ਹੁਣ ਤੱਕ ਸਿਰਫ ਲਗਭਗ 4400 ਰੇਹੜੀਆਂ ’ਤੇ ਹੀ ਕਿਊ. ਆਰ. ਕੋਡ ਵਾਲੀਆਂ ਪਲੇਟਾਂ ਲਾਈਆਂ ਜਾ ਸਕੀਆਂ। ਇਸ ਤੋਂ ਵੀ ਵੱਧ ਗੰਭੀਰ ਗੱਲ ਇਹ ਹੈ ਕਿ ਇਨ੍ਹਾਂ 4400 ਰੇਹੜੀਆਂ ਤੋਂ ਵੀ ਆਨਲਾਈਨ ਭੁਗਤਾਨ ਨਿਗਮ ਦੇ ਖਾਤੇ ਵਿਚ ਨਹੀਂ ਆ ਰਿਹਾ।

ਇਹ ਵੀ ਪੜ੍ਹੋ : ਫਿਲੌਰ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ, ਇਕ ਕੁੜੀ ਦੀ ਮੌਤ

ਫ਼ੋਨ ਕਾਲਾਂ ਨਾਲ ਖੁੱਲ੍ਹ ਰਹੀਆਂ ਪਰਤਾਂ, ਮੇਅਰ ਨੇ ਅਪਣਾਇਆ ਨਵਾਂ ਤਰੀਕਾ

ਭ੍ਰਿਸ਼ਟਾਚਾਰ ਦੀ ਸੱਚਾਈ ਸਾਹਮਣੇ ਲਿਆਉਣ ਲਈ ਮੇਅਰ ਵਨੀਤ ਧੀਰ ਨੇ ਇਕ ਵਿਸ਼ੇਸ਼ ਰਣਨੀਤੀ ਬਣਾਈ ਹੈ। ਉਨ੍ਹਾਂ ਕਿਊ. ਆਰ. ਕੋਡ ਲੱਗੀਆਂ ਸਾਰੀਆਂ ਰੇਹੜੀਆਂ ਦੀ ਸੂਚੀ ਮੰਗਵਾ ਕੇ 2 ਮਹਿਲਾ ਕਰਮਚਾਰੀਆਂ ਦੀ ਡਿਊਟੀ ਲਾਈ ਹੈ, ਜੋ ਰੋਜ਼ਾਨਾ ਰੇਹੜੀ ਚਾਲਕਾਂ ਨੂੰ ਫ਼ੋਨ ਕਰ ਕੇ ਉਨ੍ਹਾਂ ਤੋਂ ਭੁਗਤਾਨ ਸਬੰਧੀ ਜਾਣਕਾਰੀ ਇਕੱਠੀ ਕਰ ਰਹੀਆਂ ਹਨ। ਮੁੱਢਲੀ ਜਾਂਚ ਵਿਚ ਕਈ ਰੇਹੜੀ ਚਾਲਕਾਂ ਨੇ ਦੱਸਿਆ ਕਿ ਤਹਿਬਾਜ਼ਾਰੀ ਸਟਾਫ਼ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਤੋਂ ਨਕਦ ਪੈਸੇ ਲੈ ਜਾਂਦਾ ਹੈ, ਪਰ ਇਸ ਦੇ ਬਦਲੇ ਨਾ ਤਾਂ ਕੋਈ ਰਸੀਦ ਦਿੱਤੀ ਜਾਂਦੀ ਹੈ ਅਤੇ ਨਾ ਹੀ ਆਨਲਾਈਨ ਭੁਗਤਾਨ ਕਰਵਾਇਆ ਜਾਂਦਾ ਹੈ। ਇਸ ਖੁਲਾਸੇ ਨੇ ਪੂਰੇ ਸਿਸਟਮ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਮੇਅਰ ਨੇ ਸਪੱਸ਼ਟ ਕੀਤਾ ਹੈ ਕਿ ਸਾਰੇ ਬਿਆਨ ਲਿਖਤੀ ਰੂਪ ਵਿਚ ਦਰਜ ਕੀਤੇ ਜਾਣਗੇ ਅਤੇ ਜਿਹੜੇ ਕਰਮਚਾਰੀਆਂ ਖਿਲਾਫ ਦੋਸ਼ ਸਾਬਤ ਹੋਣਗੇ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਰੂਰਤ ਪੈਣ ’ਤੇ ਸਬੰਧਤ ਕਰਮਚਾਰੀਆਂ ਵਿਰੁੱਧ ਐੱਫ. ਆਈ. ਆਰ. ਵੀ ਦਰਜ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਨਿਗਮ ਵਿਚ ਪਾਰਦਰਸ਼ਿਤਾ ਲਿਆਉਣਾ ਉਨ੍ਹਾਂ ਦੀ ਤਰਜੀਹ ਹੈ ਅਤੇ ਕਿਸੇ ਵੀ ਪੱਧਰ ’ਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇੱਕੋ ਸੀਟ ’ਤੇ ਸਾਲਾਂ ਤੋਂ ਜੰਮੇ ਕਰਮਚਾਰੀ ਬਣੇ ਸਮੱਸਿਆ ਦੀ ਜੜ੍ਹ

ਤਹਿਬਾਜ਼ਾਰੀ ਬ੍ਰਾਂਚ ਵਿਚ ਲੰਮੇ ਸਮੇਂ ਤੋਂ ਇੱਕੋ ਸੀਟ ’ਤੇ ਤਾਇਨਾਤ ਕਰਮਚਾਰੀਆਂ ਨੂੰ ਵੀ ਇਸ ਸਮੱਸਿਆ ਦੀ ਵੱਡੀ ਵਜ੍ਹਾ ਮੰਨਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਕਈ ਕਰਮਚਾਰੀ ਸਾਲਾਂ ਤੋਂ ਇਕੋ ਅਹੁਦੇ ’ਤੇ ਬਣੇ ਹੋਏ ਹਨ, ਜਿਸ ਨਾਲ ਸਿਸਟਮ ਵਿਚ ਜਵਾਬਦੇਹੀ ਖਤਮ ਹੋ ਗਈ ਹੈ। ਸਿਫਾਰਸ਼ਾਂ ਦੇ ਆਧਾਰ ’ਤੇ ਮਲਾਈਦਾਰ ਪੋਸਟਾਂ ’ਤੇ ਤਾਇਨਾਤੀ ਹੋਣ ਕਾਰਨ ਨਿਯਮਾਂ ਦੀ ਅਣਦੇਖੀ ਆਮ ਹੋ ਗਈ ਹੈ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਿੱਥੇ ਤਹਿਬਾਜ਼ਾਰੀ ਤੋਂ ਸਾਲਾਨਾ ਕਰੀਬ 20 ਕਰੋੜ ਰੁਪਏ ਦੀ ਵਸੂਲੀ ਸੰਭਾਵਿਤ ਹੈ, ਉੱਥੇ ਹੀ ਨਿਗਮ ਦੇ ਖਾਤੇ ਵਿਚ ਮੁਸ਼ਕਲ ਨਾਲ 2 ਕਰੋੜ ਰੁਪਏ ਹੀ ਪਹੁੰਚ ਪਾ ਰਹੇ ਹਨ। ਇਹ ਅੰਤਰ ਸਿੱਧੇ ਤੌਰ ’ਤੇ ਵੱਡੇ ਪੱਧਰ ’ਤੇ ਹੋ ਰਹੀ ਗੜਬੜੀ ਵੱਲ ਇਸ਼ਾਰਾ ਕਰਦਾ ਹੈ।

ਇਹ ਵੀ ਪੜ੍ਹੋ : ਉੱਤਰਾਖੰਡ ਚਾਰਧਾਮ ਯਾਤਰਾ: 19 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ, ਗੰਗੋਤਰੀ ਹਾਈਵੇਅ ਹੋਇਆ ਬੰਦ

ਹੁਣ ਸਭ ਦੀ ਨਜ਼ਰ ਇਸ ਗੱਲ ’ਤੇ ਟਿਕੀ ਹੈ ਕਿ ਮੇਅਰ ਵੱਲੋਂ ਚੁੱਕੇ ਗਏ ਇਨ੍ਹਾਂ ਸਖ਼ਤ ਕਦਮਾਂ ਨਾਲ ਤਹਿਬਾਜ਼ਾਰੀ ਬ੍ਰਾਂਚ ਵਿਚ ਚੱਲ ਰਿਹਾ ਭ੍ਰਿਸ਼ਟਾਚਾਰ ਥੰਮ੍ਹਦਾ ਹੈ ਜਾਂ ਨਹੀਂ। ਜੇਕਰ ਕਾਰਵਾਈ ਫੈਸਲਾਕੰੁਨ ਰਹੀ, ਤਾਂ ਇਹ ਸ਼ਹਿਰ ਵਿਚ ਪ੍ਰਸ਼ਾਸਨਿਕ ਸੁਧਾਰ ਦੀ ਦਿਸ਼ਾ ਵਿਚ ਵੱਡਾ ਕਦਮ ਸਾਬਤ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News