ਆਨਲਾਈਨ ਕ੍ਰਿਕਟ ਸੱਟੇਬਾਜ਼ੀ ਦੇ ਨਾਂ ’ਤੇ ਠੱਗੀ ਕਰਨ ਵਾਲਾ ਕਾਬੂ
Wednesday, Apr 15, 2026 - 12:09 PM (IST)
ਜ਼ੀਰਕਪੁਰ (ਧੀਮਾਨ) : ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਨਾਭਾ ਰੋਡ ਸਥਿਤ ਡਰੀਮ ਹਾਊਸ ਐੱਸ. ਬੀ. ਪੀ. ਦੇ ਫਲੈਟ ’ਚ ਛਾਪੇਮਾਰੀ ਕਰਕੇ ਆਨਲਾਈਨ ਕ੍ਰਿਕਟ ਸੱਟੇਬਾਜ਼ੀ ਜ਼ਰੀਏ ਲੋਕਾਂ ਨਾਲ ਠੱਗੀ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸਤੀਸ਼ ਵਾਲੀਆ ਉਰਫ਼ ਹੈਪੀ ਵਜੋਂ ਹੋਈ। ਪੁਲਸ ਨੇ ਮੁਲਜ਼ਮ ਤੋਂ ਮੋਬਾਇਲ ਬਰਾਮਦ ਕੀਤੇ ਹਨ, ਜਿਨ੍ਹਾਂ ਰਾਹੀਂ ਉਹ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ। ਜਾਣਕਾਰੀ ਮੁਤਾਬਕ ਟੀਮ ਗਸ਼ਤ ਦੌਰਾਨ ਹਾਈ ਗਰਾਊਂਡ ਰੋਡ ਨੇੜੇ ਮੌਜੂਦ ਸੀ, ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਵਿਅਕਤੀ ਫਲੈਟ ਤੋਂ ਆਨਲਾਈਨ ਕ੍ਰਿਕਟ ਸੱਟੇਬਾਜ਼ੀ ਦਾ ਨਾਜਾਇਜ਼ ਧੰਦਾ ਚਲਾ ਰਿਹਾ ਹੈ।
ਦੱਸਿਆ ਜਾਂਦਾ ਹੈ ਕਿ ਮੁਲਜ਼ਮ ਲੋਕਾਂ ਨੂੰ ਵੱਧ ਪੈਸੇ ਕਮਾਉਣ ਦਾ ਲਾਲਚ ਦੇ ਕੇ ਬੈਂਕ ਖਾਤਿਆਂ ’ਚ ਰਕਮ ਟਰਾਂਸਫਰ ਕਰਵਾਉਂਦਾ ਸੀ ਤੇ ਬਾਅਦ ’ਚ ਰਕਮ ਹੜਪਦਾ ਸੀ। ਸੂਚਨਾ ਦੇ ਆਧਾਰ ’ਤੇ ਪੁਲਸ ਨੇ ਤੁਰੰਤ ਛਾਪੇਮਾਰੀ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਮੌਕੇ ਤੋਂ ਬਰਾਮਦ ਮੋਬਾਇਲ ਫੋਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਗਿਰੋਹ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਵੀ ਜਾਣਕਾਰੀ ਮਿਲ ਸਕੇ। ਪੁਲਸ ਵੱਲੋਂ ਮੁਲਜ਼ਮ ਖ਼ਿਲਾਫ਼ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਜਾਰੀ ਹੈ। ਪੁਲਸ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਨੈੱਟਵਰਕ ’ਚ ਹੋਰ ਕਿੰਨੇ ਲੋਕ ਸ਼ਾਮਲ ਹਨ ਤੇ ਹੁਣ ਤੱਕ ਕਿੰਨੇ ਲੋਕਾਂ ਨਾਲ ਠੱਗੀ ਹੋ ਚੁੱਕੀ ਹੈ।
