ਸੜਕ ਬਣਾਉਣ ਦੇ ਵਿਵਾਦ ਮਗਰੋਂ ਨਗਰ ਨਿਗਮ ਨੇ JE ਤੇ SDO ਤੋਂ ਵਾਪਸ ਲਿਆ ਚਾਰਜ
Thursday, Apr 16, 2026 - 03:58 PM (IST)
ਲੁਧਿਆਣਾ (ਹਿਤੇਸ਼): ਨਗਰ ਨਿਗਮ ਲੁਧਿਆਣਾ ਵੱਲੋਂ ਸੜਕ ਨਿਰਮਾਣ ਦੌਰਾਨ ਹੋਏ ਵਿਵਾਦ ਨੂੰ ਲੈ ਕੇ ਕਾਂਗਰਸ ਕੌਂਸਲਰ ਦੇ ਪਤੀ ਦੇ ਖ਼ਿਲਾਫ਼ ਜੋ ਪੁਲਸ ਕੇਸ ਦਰਜ ਕਰਵਾਇਆ ਗਿਆ ਹੈ, ਉਸ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮਾਮਲੇ ਦੀ ਸ਼ਿਕਾਇਤ ਦਰਜ ਕਰਵਾਉਣ ਵਾਲੇ ਜੇ.ਈ. ਅਤੇ ਐੱਸ.ਡੀ.ਓ. ਤੋਂ ਚਾਰਜ ਵਾਪਸ ਲੈ ਲਿਆ ਗਿਆ ਹੈ। ਇਹ ਮਾਮਲਾ ਸੱਗੂ ਚੌਂਕ ਤੋਂ ਲੈ ਕੇ ਹੰਬੜਾ ਰੋਡ ਤੱਕ ਜਾਂਦੀ ਸੜਕ ਨਾਲ ਜੁੜਿਆ ਹੋਇਆ ਹੈ ਜੋ ਕਿ ਪੀ.ਏ.ਯੂ., ਲਾਇੰਸ ਕਲੱਬ, ਕਿਚਲੂ ਨਗਰ, ਊਧਮ ਸਿੰਘ ਨਗਰ ਦੇ ਬਾਹਰੋਂ ਨਿਕਲਦੀ ਹੈ।
ਇਸ ਸੜਕ ਦੀ ਹਾਲਤ ਕਾਫ਼ੀ ਦੇਰ ਤੋਂ ਖਸਤਾ ਬਣੀ ਹੋਈ ਸੀ, ਇਸ ਦੀ ਮੁਰੰਮਤ ਨਹੀਂ ਹੋ ਰਹੀ ਸੀ ਅਤੇ ਨਵੀਂ ਬਣਾਉਣ ਦਾ ਜੋ ਟੈਂਡਰ ਹੈ, ਉਹ ਕਾਫ਼ੀ ਦੇਰ ਤੋਂ ਲਟਕਿਆ ਰਿਹਾ, ਉਸ ਕਰਕੇ ਸੜਕ ਬਣਾਉਣ ਦਾ ਕੰਮ ਬਹੁਤ ਦੇਰ ਨਾਲ ਸ਼ੁਰੂ ਹੋਇਆ। ਜਦੋਂ ਕੰਸਟਰਕਸ਼ਨ ਸ਼ੁਰੂ ਹੋਈ ਤਾਂ ਕਾਂਗਰਸ ਦੇ ਮੈਂਬਰਾਂ ਵੱਲੋਂ ਇਹ ਕਹਿ ਕੇ ਵਿਰੋਧ ਕੀਤਾ ਗਿਆ ਕਿ ਉੱਥੇ ਸੜਕ ਦੇ ਪਾਣੀ ਦੀ ਨਿਕਾਸੀ ਲਈ ਰੋਡ-ਜਾਲੀਆਂ ਨਹੀਂ ਪਾਈਆਂ ਗਈਆਂ। ਉਸ ਵੇਲੇ ਕਾਫ਼ੀ ਹੰਗਾਮਾ ਹੋਇਆ ਤੇ ਆਮ ਆਦਮੀ ਪਾਰਟੀ ਦੇ ਨੇਤਾ ਵੀ ਆ ਗਏ, ਉਨ੍ਹਾਂ ਨਾਲ ਵੀ ਵਿਵਾਦ ਹੋਇਆ।

ਉਸ ਤੋਂ ਬਾਅਦ ਸੜਕ ਦਾ ਕੰਮ ਚੱਲ ਰਿਹਾ ਸੀ ਤਾਂ ਦੋ ਦਿਨ ਪਹਿਲਾਂ ਦੇਰ ਰਾਤ ਆਸ਼ੂ ਗਰੁੱਪ ਨਾਲ ਸਬੰਧਿਤ ਕਾਂਗਰਸੀ ਕੌਂਸਲਰ ਦੇ ਪਤੀ ਇੰਦੀ ਵੱਲੋਂ ਸੜਕ ਨਿਰਮਾਣ ਦੇ ਕੰਮ ਵਿਚ ਇਤਰਾਜ਼ ਜਤਾਇਆ ਗਿਆ ਕਿ ਕੰਮ ਠੀਕ ਢੰਗ ਨਾਲ ਨਹੀਂ ਹੋ ਰਿਹਾ। ਇਸ ਨੂੰ ਲੈ ਕੇ ਜੇ.ਈ. ਜ਼ੋਨ-ਡੀ ਦੇ ਰੁਪਿੰਦਰ ਅਤੇ ਐੱਸ.ਡੀ.ਓ. ਬੀ.ਐਂਡ.ਆਰ. ਅਵਤਾਰ ਸਿੰਘ ਵੱਲੋਂ ਰਿਪੋਰਟ ਕੀਤੀ ਗਈ ਕਿ ਸੜਕ ਦਾ ਕੰਮ ਚੱਲ ਰਿਹਾ ਹੈ, ਕੁਝ ਲੋਕਾਂ ਵੱਲੋਂ ਝਗੜਾ ਕੀਤਾ ਗਿਆ ਅਤੇ ਉੱਥੇ ਕੰਮ ਨੂੰ ਚਲਾਉਣ ਲਈ ਠੇਕੇਦਾਰ ਦੀ ਅਪੀਲ 'ਤੇ ਪੁਲਸ ਫੋਰਸ ਦੀ ਮੰਗ ਕੀਤੀ ਗਈ।
ਪੁਲਸ ਵੱਲੋਂ ਇਸ ਮਾਮਲੇ ਵਿਚ ਇੰਦੀ ਦੇ ਖਿਲਾਫ ਸਰਕਾਰੀ ਡਿਊਟੀ ਵਿਚ ਅੜਿੱਕਾ ਪਾਉਣ ਦਾ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੇ ਲਈ ਇਕ ਵੀਡੀਓ ਨੂੰ ਅਧਾਰ ਬਣਾਇਆ ਗਿਆ ਹੈ, ਜਿਸ ਵਿਚ ਇੰਦੀ ਨੂੰ ਠੇਕੇਦਾਰ ਦੇ ਮੁਲਾਜ਼ਮ ਦੇ ਥੱਪੜ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਜਿਹੜੇ ਜੇ.ਈ. ਤੇ ਐੱਸ.ਡੀ.ਓ. ਹਨ, ਉਨ੍ਹਾਂ ਨੇ ਆਪਣੀ ਰਿਪੋਰਟ ਦੇ ਵਿਚ ਇੰਦੀ ਦਾ ਨਾਂ ਨਹੀਂ ਲਿਖਿਆ ਸੀ ਅਤੇ ਕਲੀਅਰ-ਕੱਟ ਸ਼ਿਕਾਇਤ ਨਹੀਂ ਕੀਤੀ, ਇਸ ਕਰਕੇ ਉਨ੍ਹਾਂ ਦਾ ਚਾਰਜ ਵਾਪਸ ਲੈ ਲਿਆ ਗਿਆ ਹੈ। ਇਸ ਸਬੰਧ ਵਿਚ ਨਗਰ ਨਿਗਮ ਕਮਿਸ਼ਨਰ ਵੱਲੋਂ ਆਰਡਰ ਜਾਰੀ ਕੀਤੇ ਗਏ ਹਨ ਕਿ ਜੇ.ਈ. ਰੁਪਿੰਦਰ ਅਤੇ ਐੱਸ.ਡੀ.ਓ. ਅਵਤਾਰ ਸਿੰਘ ਦੇ ਚਾਰਜ ਵਾਪਸ ਲੈ ਲਏ ਗਏ ਹਨ, ਉਨ੍ਹਾਂ ਨੂੰ ਕੋਈ ਨਵਾਂ ਚਾਰਜ ਫਿਲਹਾਲ ਨਹੀਂ ਦਿੱਤਾ ਗਿਆ ਹੈ।
