ਕੈਨੇਡਾ ਭੇਜਣ ਦੇ ਨਾਂ ''ਤੇ ਨੌਜਵਾਨ ਤੋਂ ਠੱਗੇ ਡੇਢ ਲੱਖ ਰੁਪਏ
Saturday, Apr 11, 2026 - 06:45 PM (IST)
ਲੁਧਿਆਣਾ (ਰਾਜ): ਵਿਦੇਸ਼ ਜਾ ਕੇ ਸੁਨਹਿਰੀ ਭਵਿੱਖ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਏਜੰਟਾਂ ਦਾ ਜਾਲ ਫੈਲਦਾ ਹੀ ਜਾ ਰਿਹਾ ਹੈ। ਤਾਜ਼ਾ ਮਾਮਲੇ ਵਿਚ ਸ਼ਾਤਰ ਠੱਗਾਂ ਨੇ ਇਕ ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ ਲੱਖਾਂ ਰੁਪਏ ਹੜੱਪ ਲਏ। ਬਿਹਾਰ ਦੇ ਸੀਤਾਮੜੀ ਨਿਵਾਸੀ ਹਸ਼ਮਤ ਅਲੀ ਦੀ ਸ਼ਿਕਾਇਤ 'ਤੇ ਪੁਲਸ ਨੇ ਮੁਲਜ਼ਮ ਰਿਆ ਸ਼ਰਮਾ, ਖੁਸ਼ੀ ਸ਼ਰਮਾ, ਸਿਧਾਂਤ ਸ਼ਰਮਾ, ਆਦਿੱਤਿਆ ਵਰਮਾ, ਭਾਸਕਰ ਯਾਦਵ, ਰਾਕੇਸ਼ ਰਿੱਕੀ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ, ਵਾਰਡ ਨੰਬਰ 10, ਬਰਿਆਰਪੁਰ (ਬਿਹਾਰ) ਦੇ ਰਹਿਣ ਵਾਲੇ ਹਸ਼ਮਤ ਅਲੀ ਪੁੱਤਰ ਮੁਹੰਮਦ ਮੁਮਤਾਜ਼ ਨੇ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਮੁਲਜ਼ਮਾਂ ਦੀ ਰੁਦਰਾਕਸ਼ ਗਰੁੱਪ ਓਵਰਸੀਜ਼ ਸੋਲਿਊਸ਼ਨ ਦੇ ਨਾਂ ਨਾਲ ਫਰਮ ਹੈ। ਮੁਲਜ਼ਮਾਂ ਨੇ ਉਸ ਨੂੰ ਕੈਨੇਡਾ ਭੇਜਣ ਦਾ ਸੁਪਨਾ ਦਿਖਾਇਆ ਸੀ। ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਮੁਲਜ਼ਮਾਂ ਨੇ ਉਸ ਕੋਲੋਂ ਫਾਈਲ ਚਾਰਜ ਅਤੇ ਹੋਰ ਖਰਚਿਆਂ ਦੇ ਨਾਂ 'ਤੇ ਕੁੱਲ 1,48,560 ਰੁਪਏ ਦੀ ਰਕਮ ਲੈ ਲਈ। ਪੈਸੇ ਲੈਣ ਦੇ ਬਾਵਜੂਦ ਜਦੋਂ ਉਸ ਨੂੰ ਵਿਦੇਸ਼ ਨਹੀਂ ਭੇਜਿਆ ਗਿਆ ਅਤੇ ਮੁਲਜ਼ਮ ਟਾਲ-ਮਟੋਲ ਕਰਨ ਲੱਗੇ, ਉਦੋਂ ਉਸ ਨੂੰ ਆਪਣੇ ਨਾਲ ਹੋਈ ਠੱਗੀ ਦਾ ਅਹਿਸਾਸ ਹੋਇਆ। ਹਸ਼ਮਤ ਅਲੀ ਦੀ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਪੁਲਸ ਨੇ ਪਾਇਆ ਕਿ ਮੁਲਜ਼ਮਾਂ ਨੇ ਮਿਲੀਭੁਗਤ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਸ ਨੇ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ ਅਤੇ ਹੁਣ ਉਨ੍ਹਾਂ ਚਿਹਰਿਆਂ ਨੂੰ ਬੇਨਕਾਬ ਕਰਨ ਵਿਚ ਜੁੱਟ ਗਈ ਹੈ ਜਿਨ੍ਹਾਂ ਨੇ ਭੋਲੇ-ਭਾਲੇ ਨੌਜਵਾਨ ਦੀ ਮਿਹਨਤ ਦੀ ਕਮਾਈ 'ਤੇ ਡਾਕਾ ਮਾਰਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ।
