3500 ਤੋਂ 3800 ਰੁਪਏ ਤੱਕ ਵਿੱਕ ਰਹੇ ਘਰੇਲੂ ਗੈਸ ਸਿਲੰਡਰ, 35 ਦਿਨ ਬੀਤਣ ਦੇ ਬਾਵਜੂਦ ਨਹੀਂ ਹੋ ਰਹੀ Online ਬੁਕਿੰਗ
Thursday, Apr 16, 2026 - 12:10 PM (IST)
ਅੰਮ੍ਰਿਤਸਰ (ਨੀਰਜ)- ਮਿਡਲ ਈਸਟ ਜੰਗ ਵਿਚ ਅਮਰੀਕਾ-ਈਰਾਨ ਵਾਰਤਾਵਾਂ ਅਸਫਲ ਰਹਿਣ ਤੋਂ ਬਾਅਦ ਇੱਕ ਵਾਰ ਫਿਰ ਘਰੇਲੂ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰਨ ਵਾਲੀਆਂ ਕੁਝ ਗੈਸ ਏਜੰਸੀਆਂ ਦੀ ਚਾਂਦੀ ਹੋ ਗਈ ਹੈ। ਹਾਲਾਤ ਇਹ ਹਨ ਕਿ 35 ਦਿਨ ਬੀਤ ਜਾਣ ਦੇ ਬਾਵਜੂਦ ਘਰੇਲੂ ਗੈਸ ਸਿਲੰਡਰ ਦੀ ਆਨਲਾਈਨ ਬੁਕਿੰਗ ਲਈ ਸਾਫਟਵੇਅਰ ਅਜੇ ਵੀ ਠੱਪ ਪਿਆ ਹੈ, ਜਿਸ ਵਿਅਕਤੀ ਨੂੰ ਪਹਿਲਾਂ ਸਿਲੰਡਰ ਮਿਲਿਆ ਸੀ, ਉਸ ਨੂੰ 25 ਦਿਨ ਬਾਅਦ ਬੁਕਿੰਗ ਲਈ ਸੁਨੇਹਾ ਤਾਂ ਆਇਆ ਪਰ ਜਦੋਂ ਉਸ ਨੇ ਬੁਕਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੁਕਿੰਗ ਨਹੀਂ ਹੋਈ। ਇਸ ਦੀ ਬਜਾਏ ਗੈਸ ਏਜੰਸੀ ਨਾਲ ਸੰਪਰਕ ਕਰਨ ਲਈ ਮੈਸੇਜ ਆ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
17 ਤੇ 18 ਅਪ੍ਰੈਲ ਨੂੰ ਪੰਜਾਬ 'ਚ ਮੌਸਮ ਦਾ ਵੱਡਾ ਅਲਰਟ, ਵਿਭਾਗ ਨੇ ਦਿੱਤੇ ਇਹ ਸੰਕੇਤ
ਜਾਣਕਾਰੀ ਅਨੁਸਾਰ ਪੰਜ-ਸਤਾਰਾ ਹੋਟਲਾਂ ਤੋਂ ਲੈ ਕੇ ਛੋਟੇ ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ ਤੱਕ ਅਸਥਾਈ ਵਿਕਲਪ ਅਪਣਾਏ ਗਏ ਹਨ, ਜਿਵੇਂ ਕਿ ਭੱਠੀਆਂ ਆਦਿ। ਫਿਰ ਵੀ ਇਨ੍ਹਾਂ ਵਪਾਰਕ ਸਥਾਨਾਂ ਵਿੱਚ 3500 ਤੋਂ 3800 ਰੁਪਏ ਤੱਕ ਘਰੇਲੂ ਗੈਸ ਸਿਲੰਡਰ ਬਲੈਕ ਵਿੱਚ ਮਿਲ ਰਹੇ ਹਨ। ਹਾਲਾਂਕਿ ਡੀ. ਸੀ ਦਲਵਿੰਦਰਜੀਤ ਸਿੰਘ ਵੱਲੋਂ ਫੂਡ ਐਂਡ ਸਿਵਲ ਸਪਲਾਈ ਵਿਭਾਗ ਨੂੰ ਛਾਪੇਮਾਰੀ ਦੇ ਹੁਕਮ ਦਿੱਤੇ ਗਏ ਹਨ ਪਰ ਜ਼ਮੀਨੀ ਹਾਲਾਤ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਇਨ੍ਹਾਂ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਹੋ ਰਹੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਨਾਲ ਭੁੰਨ'ਤਾ ਕਾਰ 'ਚ ਬੈਠਾ ਵਿਅਕਤੀ
ਜ਼ਿਆਦਾਤਰ ਹੋਟਲਾਂ ਨੇ ਅਪਣਾਏ ਵਿਕਲਪਿਕ ਸਾਧਨ
ਅੰਮ੍ਰਿਤਸਰ ਸਾਹਿਬ ਦੀ ਅਰਥਵਿਵਸਥਾ ਵੱਡੇ ਪੱਧਰ ’ਤੇ ਟੂਰਿਜ਼ਮ 'ਤੇ ਨਿਰਭਰ ਹੈ ਅਤੇ ਮਾਰਚ ਦੇ ਮੱਧ ਤੋਂ ਜੂਨ ਦੇ ਅੰਤ ਤੱਕ ਇੱਥੇ ਸੈਲਾਨੀਆਂ ਦੀ ਵੱਡੀ ਆਮਦ ਰਹਿੰਦੀ ਹੈ। ਇਸ ਸਮੇਂ ਅਟਾਰੀ ਬਾਰਡਰ ’ਤੇ ਵੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਬੰਦ ਹੋਣ ਕਰ ਕੇ ਹੋਟਲਾਂ ਨੇ ਡੀਜ਼ਲ ਭੱਠੀਆਂ, ਇੰਡਕਸ਼ਨ ਚੂਲ੍ਹੇ ਅਤੇ ਬਲੈਕ ਵਿੱਚ ਖਰੀਦੇ ਸਿਲੰਡਰ ਵਰਗੇ ਵਿਕਲਪ ਅਪਣਾਏ ਹਨ। ਇਸ ਨਾਲ ਹੋਟਲ ਮਾਲਕਾਂ ’ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ: Online ਲੱਭਾ ਲਾੜਾ, ਵਿਆਹ ਤੋਂ ਪਹਿਲਾਂ ਲਾੜੀ ਦੇ 50 ਲੱਖ ਲੈ ਹੋਇਆ ਰਫੂ-ਚੱਕਰ
ਵਿਆਹ-ਸ਼ਾਦੀ ਵਾਲੇ ਘਰ ਵੀ ਪ੍ਰੇਸ਼ਾਨ
ਵਿਆਹ ਅਤੇ ਸਮਾਗਮਾਂ ਵਾਲੇ ਘਰਾਂ ਵਿੱਚ ਵੀ ਕਾਫ਼ੀ ਪ੍ਰੇਸ਼ਾਨੀ ਹੈ, ਕਿਉਂਕਿ ਹਲਵਾਈਆਂ ਨੂੰ ਗੈਸ ਸਿਲੰਡਰ ਨਹੀਂ ਮਿਲ ਰਹੇ। ਲੋਕ ਪ੍ਰਸ਼ਾਸਨ ਅਤੇ ਫੂਡ ਸਪਲਾਈ ਵਿਭਾਗ ਕੋਲ ਅਰਜ਼ੀਆਂ ਦੇ ਰਹੇ ਹਨ ਪਰ ਕਾਨੂੰਨੀ ਤੌਰ ’ਤੇ ਵਿਭਾਗ ਇਨ੍ਹਾਂ ਨੂੰ ਸਿਲੰਡਰ ਪ੍ਰਦਾਨ ਨਹੀਂ ਕਰ ਸਕਦਾ। ਇਸ ਦੇ ਬਾਵਜੂਦ ਬਲੈਕ ਵਿੱਚ ਦੋ ਤੋਂ ਤਿੰਨ ਗੁਣਾ ਕੀਮਤ ’ਤੇ ਸਿਲੰਡਰ ਮਿਲ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਵਿਭਾਗ ਕੋਲ ਬਲੈਕ ਸਿਲੰਡਰਾਂ ਦੀ ਬਰਾਮਦਗੀ ਦੀ ਕੋਈ ਢੰਗ ਦੀ ਸੂਚੀ ਨਹੀਂ, ਜੋ ਮਿਲੀਭੁਗਤ ਵੱਲ ਇਸ਼ਾਰਾ ਕਰਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ: ਪਿਓ-ਪੁੱਤ 'ਤੇ ਚੱਲੀਆਂ ਤਾੜ-ਤਾੜ ਗੋਲੀਆਂ
ਸੰਸਦ ਵਿੱਚ ਵੀ ਉੱਠਿਆ ਹੈ ਗੈਸ ਸਿਲੰਡਰ ਦਾ ਮੁੱਦਾ
ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ ਨੂੰ ਸੀਜ਼ਨ ਦੌਰਾਨ ਵੀ ਕਮਰਸ਼ੀਅਲ ਗੈਸ ਸਿਲੰਡਰ ਨਾ ਮਿਲਣ ਦਾ ਮਸਲਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਸੰਸਦ ਵਿੱਚ ਉਠਾਇਆ ਗਿਆ ਹੈ। ਉਨ੍ਹਾਂ ਸਰਕਾਰ ਕੋਲ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਦੀ ਟੂਰਿਜ਼ਮ ਅਧਾਰਿਤ ਅਰਥਵਿਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਟਲਾਂ ਲਈ ਖਾਸ ਛੂਟ ਦਿੱਤੀ ਜਾਵੇ ਪਰ ਅਜੇ ਤੱਕ ਕੋਈ ਸਕਾਰਾਤਮਕ ਨਤੀਜਾ ਸਾਹਮਣੇ ਨਹੀਂ ਆਇਆ, ਿਜਸ ਨਾਲ ਹੋਟਲ ਮਾਲਿਕਾਂ ਦਾ ਆਰਥਿਕ ਸੋਸ਼ਣ ਹੋ ਿਰਹਾ ਹੈ।
ਹਰ ਵਿਅਕਤੀ ’ਤੇ ਪੈ ਰਹੀ ਹੈ ਮਹਿੰਗਾਈ ਦੀ ਮਾਰ
ਮਿਡਲ ਈਸਟ ਜੰਗ ਦੀ ਮਾਰ ਦਾ ਅਸਰ ਹੁਣ ਹਰ ਵਿਅਕਤੀ ’ਤੇ ਪੈ ਰਿਹਾ ਹੈ। ਪਲਾਸਟਿਕ ਦੇ ਲਿਫ਼ਾਫੇ 50 ਰੁਪਏ ਪ੍ਰਤੀ ਕਿਲੋ ਤੱਕ ਮਹਿੰਗੇ ਹੋ ਗਏ ਹਨ। ਸਬਜ਼ੀਆਂ ਦੇ ਭਾਅ ਵਿੱਚ 15 ਤੋਂ 20 ਫੀਸਦੀ ਵਾਧਾ ਹੋਇਆ ਹੈ, ਜਦਕਿ ਲੋਹੇ ਅਤੇ ਸਰੀਆਂ ਦੇ ਭਾਅ ਵਿੱਚ ਵੀ ਲਗਭਗ 10 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਸ ਦਾ ਸਿੱਧਾ ਅਸਰ ਸੈਲਾਨੀਆਂ ’ਤੇ ਵੀ ਪੈ ਰਿਹਾ ਹੈ, ਕਿਉਂਕਿ ਹੋਟਲਾਂ ਅਤੇ ਢਾਬਿਆਂ ਨੇ ਵਾਧੂ ਖਰਚਾ ਗਾਹਕਾਂ ਤੋਂ ਹੀ ਵਸੂਲਣਾ ਸ਼ੁਰੂ ਕਰ ਦਿੱਤਾ ਹੈ। ਚਾਹ ਅਤੇ ਖਾਣੇ ਦੀਆਂ ਕੀਮਤਾਂ ਵਿੱਚ ਵੀ 15-20 ਫੀਸਦੀ ਤੱਕ ਵਾਧਾ ਹੋ ਗਿਆ ਹੈ ਅਤੇ ਕੁਝ ਮਹਿੰਗੀਆਂ ਡਿਸ਼ਾਂ ਮੀਨੂ ਤੋਂ ਗਾਇਬ ਹੋ ਚੁੱਕੀਆਂ ਹਨ।
ਬਲੈਕ ਕਰਨ ਵਾਲੀਆਂ ਏਜੰਸੀਆਂ ’ਤੇ ਸਖ਼ਤ ਕਾਰਵਾਈ ਦੀ ਮੰਗ
ਵਾਇਸ ਆਫ ਅੰਮ੍ਰਿਤਸਰ ਦੇ ਪ੍ਰਧਾਨ ਵਿਜੇ ਅਗਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਲਿਖਤੀ ਤੌਰ ’ਤੇ ਮੰਗ ਕੀਤੀ ਗਈ ਹੈ ਕਿ ਜੋ ਗੈਸ ਏਜੰਸੀਆਂ ਘਰੇਲੂ ਅਤੇ ਕਮਰਸ਼ੀਅਲ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰ ਰਹੀਆਂ ਹਨ, ਉਨ੍ਹਾਂ ਦੀ ਪਛਾਣ ਕਰ ਕੇ ਜ਼ਰੂਰੀ ਵਸਤੂਆਂ ਦੇ ਐਕਟ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਹੋਟਲ ਮਾਲਕ ਪ੍ਰੇਸ਼ਾਨ ਹਨ, ਸਗੋਂ ਆਮ ਲੋਕਾਂ ਨੂੰ ਵੀ ਘਰੇਲੂ ਸਿਲੰਡਰ ਪ੍ਰਾਪਤ ਕਰਨ ਵਿੱਚ ਮੁਸ਼ਕਲ ਆ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
