ਗੋਲੂ ਕਾ ਮੋੜ ਵਿਖੇ ਬਣ ਰਹੀ ਬਿਲਡਿੰਗ ਦਾ ਡਿੱਗਿਆ ਲੈਂਟਰ, 1 ਮਜ਼ਦੂਰ ਦੀ ਮੌਤ
Wednesday, Apr 15, 2026 - 10:27 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ) – ਸ਼ਹਿਰ ਦੇ ਨਾਲ ਲੱਗਦੇ ਪਿੰਡ ਗੋਲੂ ਕਾ ਮੋੜ ਵਿਖੇ ਨਵੀਂ ਬਣ ਰਹੀ ਬਿਲਡਿੰਗ ਦਾ ਲੈਂਟਰ ਡਿੱਗਣ ਕਾਰਨ ਇਕ ਮਜ਼ਦੂਰ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਨਾਲ ਲੱਗਦੇ ਪਿੰਡ ਗੋਲੂਕਾ ਮੋੜ ਵਿਖੇ ਇਕ ਨਵੀਂ ਬਿਲਡਿੰਗ ਬਣ ਰਹੀ ਸੀ, ਜਿਸ ਦਾ ਅੱਜ ਲੈਂਟਰ ਪਾਇਆ ਜਾ ਰਿਹਾ ਸੀ। ਕਿਸੇ ਕਾਰਨ ਲੈਂਟਰ ਡਿੱਗ ਪਿਆ ਤੇ ਲੈਂਟਰ ਥੱਲੇ ਕਈ ਮਜ਼ਦੂਰ ਦੱਬ ਗਏ ਤੇ ਹਫੜਾ-ਦਫੜੀ ਮਚ ਗਈ।
ਇਸ ਦੌਰਾਨ ਪਿੰਡ ਵਾਸੀਆਂ ਅਤੇ ਆਸ ਪਾਸ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਐਬੂਲੈਂਸ ਤੇ ਸਿਹਤ ਵਿਭਾਗ ਦੀ ਟੀਮ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਤੇ ਸਾਰੇ ਹੀ ਸਰਕਾਰੀ ਅਧਿਕਾਰੀ ਐਂਬੂਲੈਂਸ ਸਮੇਤ ਮੌਕੇ ’ਤੇ ਪਹੁੰਚ ਗਏ ਤੇ ਜੇ. ਸੀ. ਬੀ. ਰਾਹੀਂ ਤੇ ਵੱਡੀ ਗਿਣਤੀ ’ਚ ਮੌਜੂਦ ਲੋਕਾਂ ਵੱਲੋਂ ਲੈਂਟਰ ਹੇਠ ਦੱਬੇ ਸੋਨੂ ਨਾਮਕ ਨੌਜਵਾਨ ਮਜ਼ਦੂਰ ਨੂੰ ਬੜੀ ਮੁਸ਼ੱਕਤ ਨਾਲ ਬਾਹਰ ਕੱਢਿਆ ਗਿਆ ਤੇ ਉਸ ਨੂੰ ਇਲਾਜ ਦੇ ਲਈ ਗੁਰੂਹਰਸਹਾਏ ਦੇ ਸੀ. ਐੱਚ. ਸੀ. ਹਸਪਤਾਲ ’ਚ ਲਿਆਦਾ ਗਿਆ। ਇਸ ਗੱਲ ਦਾ ਪਤਾ ਲੱਗਾ ਹੈ ਜਦੋਂ ਉਸ ਨੂੰ ਲੈਂਟਰ ਹੇਠੋਂ ਕੱਢਿਆ ਗਿਆ ਤਾਂ ਐਂਬੂਲੈਂਸ ਰਾਹੀਂ ਹਸਪਤਾਲ ਲਿਆਂਦਾ ਜਾ ਰਿਹਾ ਸੀ ਤਾਂ ਸੂਤਰਾਂ ਤੋਂ ਇਸ ਗੱਲ ਦਾ ਪਤਾ ਲੱਗਾ ਹੈ ਕਿ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਤੇ ਇਸ ਘਟਨਾ ਦੌਰਾਨ ਸੋਨੂ ਨਾਮਕ ਮਜ਼ਦੂਰ ਦੀ ਹੋਈ ਮੌਤ ਦੇ ਕਾਰਨ ਇਲਾਕੇ ਚ ਸ਼ੋਕ ਦੀ ਲਹਿਰ ਦੌੜ ਗਈ।
