ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

Tuesday, Mar 08, 2022 - 09:26 PM (IST)

ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

ਜਲੰਧਰ : ਰੂਸ-ਯੂਕ੍ਰੇਨ ਜੰਗ ਲਗਾਤਾਰ ਜਾਰੀ ਹੈ ਤੇ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਹੀ। ਇਸ ਦੌਰਾਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੈੱਡ ਕ੍ਰਾਸ ਤੋਂ ਜ਼ਿਆਦਾ ਸਹਿਯੋਗ ਦੀ ਮੰਗ ਕੀਤੀ ਹੈ। ਦੂਜੇ ਪਾਸੇ ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਸਿਰਫ ਇਕ ਦਿਨ ਬਾਕੀ ਹੈ ਤੇ ਹਰ ਸਿਆਸੀ ਪਾਰਟੀ ਸੱਤਾ ਹਾਸਲ ਕਰਨ ਲਈ ਜੋੜ-ਤੋੜ ਕਰ ਰਹੀ ਹੈ। ਅਜਿਹੀਆਂ ਹੀ ਘਟਨਾਵਾਂ ਸਬੰਧੀ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ-

ਸਰਕਾਰ ਕਿਸੇ ਦੀ ਵੀ ਬਣੇ, ਵੱਡਾ ਸਵਾਲ- ਕਿੱਥੋਂ ਆਉਣਗੇ ਚੋਣ ਵਾਅਦਿਆਂ ਲਈ 33 ਹਜ਼ਾਰ ਕਰੋੜ ਰੁਪਏ
ਪੰਜਾਬ ਚੋਣਾਂ ਦਾ ਪਿਟਾਰਾ ਖੁੱਲ੍ਹਣ ਵਾਲਾ ਹੈ। ਕਿਸ ਦੀ ਸਰਕਾਰ ਬਣੇਗੀ, ਵੀਰਵਾਰ ਨੂੰ ਹੀ ਸਪੱਸ਼ਟ ਹੋ ਜਾਏਗਾ। ਉਂਝ ਜੋ ਐਗਜ਼ਿਟ ਪੋਲ ਆਏ ਹਨ, ਨੇ ਆਪਣੀਆਂ ਸੰਭਾਵਨਾਵਾਂ ਪ੍ਰਗਟ ਕਰ ਦਿੱਤੀਆਂ ਹਨ ਪਰ ਅਸਲੀ ਨਤੀਜਾ ਜਦੋਂ ਤੱਕ ਨਹੀਂ ਆਉਂਦਾ, ਅਸੀਂ ਕਿਸੇ ਨਤੀਜੇ ’ਤੇ ਨਹੀਂ ਪਹੁੰਚ ਸਕਦੇ।

ਬਿਕਰਮ ਮਜੀਠੀਆ ਮੋਹਾਲੀ ਅਦਾਲਤ ਵਿਚ ਪੇਸ਼, ਦਿੱਤਾ ਵੱਡਾ ਬਿਆਨ
ਡਰੱਗ ਮਾਮਲੇ ਵਿਚ ਪਟਿਆਲਾ ਜੇਲ ਵਿਚ ਬੰਦ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਮੰਗਲਵਾਰ ਨੂੰ ਅਦਾਲਤੀ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੋਹਾਲੀ ਅਦਾਲਤ ਵਿਚ ਪੇਸ਼ ਹੋਏ। ਇਸ ਦੌਰਾਨ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਚੜ੍ਹਦੀਕਲਾ ਵਿਚ ਹਨ।

ਨਵਜੋਤ ਕੌਰ ਸਿੱਧੂ ਨੂੰ ਹਟਾ ਕੇ ਕੈਪਟਨ ਅਮਰਿੰਦਰ ਦੀ ਬੇਟੀ ਨੂੰ ਬਣਾਇਆ ਗਿਆ ਜਾਟ ਮਹਾ ਸਭਾ ਮਹਿਲਾ ਵਿੰਗ ਦੀ ਪ੍ਰਧਾਨ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਨੂੰ ਪੰਜਾਬ ਜਾਟ ਮਹਾਸਭਾ ਦੀ ਮਹਿਲਾ ਵਿੰਗ ਦੀ ਅੱਜ ਨਵੀਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦੀ ਜਗ੍ਹਾ ਨਿਯੁਕਤ ਕੀਤਾ ਗਿਆ ਹੈ।

30 ਮਾਰਚ ਨੂੰ ਹੋਵੇਗਾ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਇਜਲਾਸ : ਐਡਵੋਕੇਟ ਧਾਮੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਇਜਲਾਸ 30 ਮਾਰਚ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ’ਚ ਹੋਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਇਥੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਬਜਟ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਪ੍ਰਵਾਨ ਕਰਦਿਆਂ ਬਜਟ ਇਜਲਾਸ ਸੱਦਣ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਵੱਡਾ ਝਟਕਾ: ਕੱਚੇ ਤੇਲ ਨੂੰ ਲੱਗੀ 'ਅੱਗ', 15 ਰੁਪਏ ਮਹਿੰਗਾ ਹੋ ਸਕਦੈ ਪੈਟਰੋਲ
ਰੂਸ ਅਤੇ ਯੂਕ੍ਰੇਨ ਦਰਮਿਆਨ ਜਾਰੀ ਜੰਗ ਦਾ ਬੁਰਾ ਅਸਰ ਦਿਖਾਈ ਦੇਣ ਲੱਗਾ ਹੈ। ਇਸ ਕਾਰਨ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਚ ਜ਼ੋਰਦਾਰ ਗਿਰਾਵਟ ਆਈ ਹੈ ਅਤੇ ਦੂਜੇ ਪਾਸੇ ਕੱਚੇ ਤੇਲ ਦਾ ਰੇਟ ਅਸਮਾਨ ’ਤੇ ਪਹੁੰਚ ਗਿਆ ਹੈ। ਅੱਜ ਕੱਚੇ ਤੇਲ ਦੇ ਰੇਟ ’ਚ ਸਾਲ 2008 ਤੋਂ ਬਾਅਦ ਸਭ ਤੋਂ ਵੱਡਾ ਉਛਾਲ ਆਇਆ ਅਤੇ ਇਸ ਦੀ ਕੀਮਤ 129.50 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ।

ਦੁਖ਼ਦਾਇਕ ਖ਼ਬਰ: ਮਕਾਨ ’ਚ ਅੱਗ ਲੱਗਣ ਨਾਲ 8 ਮਹੀਨਿਆਂ ਦੇ ਬੱਚੇ ਸਮੇਤ 5 ਜੀਆਂ ਦੀ ਮੌਤ
ਵਰਕਲਾ ਦੇ ਦਲਵਾਪੁਰਮ ’ਚ ਇਕ ਮਕਾਨ ’ਚ ਅੱਗ ਲੱਗਣ ਨਾਲ ਇਕ ਬੱਚੇ ਸਮੇਤ 5 ਲੋਕਾਂ ਦੀ ਸੜ ਕੇ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅੱਗ ਦੁਰਘਟਨਾਵੰਸ਼ ਲੱਗ ਗਈ। ਇਲੈਕਟ੍ਰਿਕ ਅਤੇ ਫੋਰੈਂਸਿਕ ਮਾਹਰਾਂ ਦੀ ਰਿਪੋਰਟ ਮਿਲਣ ਤੋਂ ਬਾਅਦ ਹੀ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ।

ਰੂਸ ਨਾਲ ਲੋਹਾ ਲੈਣ ਲਈ ਯੂਕ੍ਰੇਨ ਦੀ ਫੌਜ 'ਚ ਸ਼ਾਮਲ ਹੋਇਆ ਭਾਰਤੀ ਵਿਦਿਆਰਥੀ
ਯੂਕ੍ਰੇਨ 'ਤੇ ਰੂਸ ਦੇ ਹਮਲੇ ਜਾਰੀ ਹਨ। ਜੰਗ ਦੇ ਵਿਚਕਾਰ, ਜਿੱਥੇ ਭਾਰਤ ਯੂਕ੍ਰੇਨ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿਚ ਲੱਗਾ ਹੋਇਆ ਹੈ। ਉਥੇ ਹੀ ਭਾਰਤ ਦਾ ਇਕ ਵਿਦਿਆਰਥੀ ਯੂਕ੍ਰੇਨ ਦੀ ਫੌਜ ਵਿਚ ਸ਼ਾਮਲ ਹੋ ਗਿਆ ਹੈ, ਜੋ ਰੂਸ ਨੂੰ ਟੱਕਰ ਦੇਣ ਲਈ ਤਿਆਰ ਹੈ।

ਸੰਯੁਕਤ ਰਾਸ਼ਟਰ ਨੇ ਰੂਸ 'ਚ ਦਮਨ ਵਧਾਉਣ ਦੀ ਦਿੱਤੀ ਚਿਤਾਵਨੀ
ਸੰਯੁਕਤ ਰਾਸ਼ਟਰ ਦੇ ਚੋਟੀ ਦੇ ਅਧਿਕਾਰੀ ਚਿਤਾਵਨੀ ਦੇ ਰਹੇ ਹਨ ਕਿ ਹਥਿਆਰਬੰਦ ਬਲਾਂ ਦੇ ਬਾਰੇ 'ਚ ਕਥਿਤ ਫਰਜ਼ੀ ਸੂਚਨਾ ਫੈਲਾਉਣ 'ਤੇ ਸਖ਼ਤ ਸਜ਼ਾ ਦੇਣ ਵਾਲਾ ਇਕ ਨਵੇਂ ਰੂਸੀ ਕਾਨੂੰਨ ਰੂਸ 'ਚ ਦਮਨਕਾਰੀ ਕਾਨੂੰਨ ਦੇ ਬਾਰੇ 'ਚ ਚਿੰਤਾ ਵਧਾ ਰਿਹਾ ਹੈ। ਮਨੁੱਖੀ ਅਧਿਕਾਰੀ ਲਈ ਹਾਈ ਕਮਿਸ਼ਨਰ ਮਿਸ਼ੇਲ ਬੈਚਲੇਟ ਨੇ ਕਿਹਾ ਕਿ ਯੂਕ੍ਰੇਨ ਵਿਰੁੱਧ (ਰੂਸੀ ਫੌਜੀ ਕਾਰਵਾਈ) ਸਮੇਤ ਜਨ ਨੀਤੀਆਂ ਦੇ ਬਾਰੇ 'ਚ ਚਰਚਾ ਜਾਂ ਆਲੋਚਨਾ ਦੀ ਗੁਜਾਇੰਸ਼ ਘਟਾਈ ਜਾ ਰਹੀ ਹੈ।

ਜ਼ੇਲੇਂਸਕੀ ਨੇ ਹੋਰ ਮਨੁੱਖੀ ਗਲਿਆਰਿਆਂ ਦੀ ਕੀਤੀ ਅਪੀਲ
ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਯੁੱਧ ਦੌਰਾਨ ਸੁਰੱਖਿਅਤ ਨਿਕਾਸੀ ਦੀ ਕੋਸ਼ਿਸ਼ ਕਰ ਰਹੇ ਯੂਕ੍ਰੇਨੀ ਨਾਗਿਰਕਾਂ ਲਈ ਮਨੁੱਖੀ ਗਲਿਆਰਾਂ ਦੇ ਵਿਸਤਾਰ ਅਤੇ ਰੈੱਡ ਕ੍ਰਾਸ ਤੋਂ ਜ਼ਿਆਦਾ ਸਹਿਯੋਗ ਦੀ ਮੰਗ ਕੀਤੀ ਹੈ। ਇਕ ਅਣਜਾਣ ਥਾਂ ਤੋਂ ਮੰਗਲਵਾਰ ਨੂੰ ਦਿੱਤੇ ਗਏ ਵੀਡੀਓ ਸੰਦੇਸ਼ 'ਚ ਉਨ੍ਹਾਂ ਕਿਹਾ ਕਿ ਦੱਖਣੀ ਸਮੁੰਦਰੀ ਬੰਦਰਗਾਹ ਸ਼ਹਿਰ ਮਾਰਿਊਪੋਲ 'ਚ ਨਾਕੇਬੰਦੀ ਦਰਮਿਆਨ ਸਰੀਰ 'ਚ ਪਾਣੀ ਦੀ ਕੰਮੀ ਹੋਣ ਕਾਰਨ ਇਕ ਬੱਚੇ ਦੀ ਮੌਤ ਹੋ ਗਈ, ਇਹ ਇਸ ਗੱਲ ਦਾ ਸੰਕੇਤ ਹੈ ਕਿ ਸ਼ਹਿਰ ਦੇ ਲੋਕ ਕਿੰਨੇ ਨਿਰਾਸ਼ ਹੋ ਚੁੱਕੇ ਹਨ।

ਅਹਿਮ ਖ਼ਬਰ : ਸੂਮੀ 'ਚ ਫਸੇ ਭਾਰਤੀਆਂ ਲਈ ਖੋਲ੍ਹਿਆ ਗਿਆ ਲਾਂਘਾ
ਯੂਕ੍ਰੇਨ ਦੇ ਸੂਮੀ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਲਈ ਸੁਰੱਖਿਅਤ ਲਾਂਘੇ ਦੀ ਘਾਟ 'ਤੇ ਭਾਰਤ ਵੱਲੋਂ ਚਿੰਤਾ ਜ਼ਾਹਰ ਕਰਨ ਤੋਂ ਇੱਕ ਦਿਨ ਬਾਅਦ ਯੂਕ੍ਰੇਨ ਦੀ ਉਪ ਪ੍ਰਧਾਨ ਮੰਤਰੀ ਇਰੀਨਾ ਵੇਰੇਸ਼ਚੁਕ ਨੇ ਕਿਹਾ ਕਿ ਮਨੁੱਖੀ ਕੋਰੀਡੋਰ ਮੰਗਲਵਾਰ ਨੂੰ ਖੁੱਲ੍ਹੇਗਾ।


author

Harnek Seechewal

Content Editor

Related News