ਹੋਲੀ ਵਾਲੇ ਦਿਨ ਲਈ ਜਾਰੀ ਹੋਈ ADVISORY, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਜ਼ਰੂਰੀ ਖ਼ਬਰ
Wednesday, Mar 04, 2026 - 10:09 AM (IST)
ਚੰਡੀਗੜ੍ਹ (ਸ਼ੀਨਾ) : ਸੈਕਟਰਾਂ ਦਾ ਸੁੰਦਰ ਸ਼ਹਿਰ ਚੰਡੀਗੜ੍ਹ ਹੋਲੀ ਦੇ ਤਿਉਹਾਰ 'ਤੇ ਰੰਗਾਂ ਦੇ ਰੰਗ ’ਚ ਰੰਗਿਆ ਹੋਇਆ ਹੈ। ਸੈਕਟਰ-17 ਦੇ ਬਾਜ਼ਾਰਾਂ ਤੋਂ ਲੈ ਕੇ ਸੈਕਟਰ-22 ਦੀਆਂ ਦੁਕਾਨਾਂ ਤੱਕ ਅਤੇ ਸੁਖਨਾ ਝੀਲ ਦੇ ਕਿਨਾਰੇ ਤੋਂ ਲੈ ਕੇ ਰੋਜ਼ ਗਾਰਡਨ ਦੀਆਂ ਗਲੀਆਂ ਤੱਕ ਹਰ ਪਾਸੇ ਹੋਲੀ ਦੀ ਧੂਮ ਮਚੀ ਹੋਈ ਹੈ। ਬੁੱਧਵਾਰ ਨੂੰ ਮਨਾਈ ਜਾਣ ਵਾਲੀ ਹੋਲੀ ਤੋਂ ਪਹਿਲਾਂ ਚੰਡੀਗੜ੍ਹ ਵਾਸੀਆਂ ’ਚ ਜੋਸ਼ ਅਤੇ ਉਤਸ਼ਾਹ ਦੀ ਕੋਈ ਕਮੀ ਨਹੀਂ ਪਰ ਇਸ ਵਾਰ ਸ਼ਹਿਰ ਦੇ ਮਾਹਰ ਡਾਕਟਰਾਂ ਨੇ ਜ਼ਰੂਰੀ ਸੁਨੇਹਾ ਦਿੱਤਾ ਹੈ, ਖੁਸ਼ੀਆਂ ਮਨਾਓ, ਰੰਗ ਖੇਡੋ ਪਰ ਕੈਮੀਕਲ ਰੰਗਾਂ ਤੋਂ ਸੁਚੇਤ ਰਹੋ। ਪੀ. ਜੀ. ਆਈ. ਅਤੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੇ ਚਮੜੀ, ਅੱਖਾਂ ਤੇ ਪਾਲਤੂ ਜਾਨਵਰਾਂ ਦੀ ਸੁਰੱਖਿਆ ਨੂੰ ਲੈ ਕੇ ਅਹਿਮ ਸਲਾਹਾਂ ਸਾਂਝੀਆਂ ਕੀਤੀਆਂ ਹਨ, ਤਾਂ ਜੋ ਹੋਲੀ ਰੰਗੀਨ ਵੀ ਹੋਵੇ ਤੇ ਸੁਰੱਖਿਅਤ ਵੀ।
ਇਹ ਵੀ ਪੜ੍ਹੋ : ਬਿਜਲੀ ਬਿੱਲਾਂ ਨੂੰ ਲੈ ਕੇ ਮਚੀ ਹਾਹਾਕਾਰ, ਖ਼ਪਤਕਾਰਾਂ ਲਈ ਖੜ੍ਹੀ ਹੋਈ ਮੁਸੀਬਤ, CPDL ਦੀ...
ਅੱਖਾਂ ’ਚ ਜਲਣ, ਸੋਜ, ਖੁਜਲੀ ਤੇ ਗੰਭੀਰ ਇਨਫੈਕਸ਼ਨ ਦਾ ਕਾਰਨ ਬਣ ਸਕਦੇ ਨੇ ਰੰਗ
ਹੋਲੀ ਦੇ ਰੰਗ ਜਿੱਥੇ ਖ਼ੁਸ਼ੀਆਂ ਲਿਆਉਂਦੇ ਹਨ, ਉੱਥੇ ਜੇਕਰ ਸਾਵਧਾਨੀ ਨਾ ਵਰਤੀ ਜਾਵੇ ਤਾਂ ਇਹ ਅੱਖਾਂ ਲਈ ਵੱਡਾ ਖ਼ਤਰਾ ਵੀ ਬਣ ਸਕਦੇ ਹਨ। ਪੀ. ਜੀ. ਆਈ. ਦੇ ਐਡਵਾਂਸਡ ਆਈ ਸੈਂਟਰ ਦੇ ਪ੍ਰੋਫੈਸਰ ਤੇ ਮੁਖੀ ਡਾ. ਐੱਸ. ਐੱਸ. ਪਾਂਡਵ ਨੇ ਚਿਤਾਵਨੀ ਦਿੱਤੀ ਕਿ ਬਾਜ਼ਾਰ ’ਚ ਮਿਲਣ ਵਾਲੇ ਜ਼ਿਆਦਾਤਰ ਰੰਗਾਂ ’ਚ ਨੁਕਸਾਨਦੇਹ ਕੈਮੀਕਲ ਹੁੰਦੇ ਹਨ, ਜੋ ਅੱਖਾਂ ’ਚ ਜਲਣ, ਸੋਜ, ਖੁਜਲੀ ਤੇ ਗੰਭੀਰ ਇਨਫੈਕਸ਼ਨ ਦਾ ਕਾਰਨ ਬਣ ਸਕਦੇ ਹਨ। ਜੇਕਰ ਲੋਕ ਲੈਂਸ ਪਾਉਂਦੇ ਹਨ ਤਾਂ ਹੋਲੀ ਖੇਡਣ ਤੋਂ ਪਹਿਲਾਂ ਜ਼ਰੂਰ ਉਤਾਰ ਲਓ। ਤੇਜ਼ ਧੁੱਪ ਤੇ ਰੰਗਾਂ ਦੇ ਕੈਮੀਕਲ ਮਿਲ ਕੇ ਲੈਂਸ ਨਾਲ ਚਿਪਕ ਸਕਦੇ ਹਨ ਤੇ ਅੱਖਾਂ ’ਚ ਲਾਲੀ ਤੇ ਗੰਭੀਰ ਇਨਫੈਕਸ਼ਨ ਪੈਦਾ ਕਰ ਸਕਦੇ ਹਨ। ਹੋਲੀ ਖੇਡਣ ਤੋਂ ਪਹਿਲਾਂ ਅੱਖਾਂ ਦੇ ਆਲੇ-ਦੁਆਲੇ ਨਾਰੀਅਲ ਤੇਲ ਲਾਓ। ਇਹ ਇਕ ਕੁਦਰਤੀ ਰੁਕਾਵਟ ਵਜੋਂ ਕੰਮ ਕਰਦਾ ਹੈ ਤੇ ਰੰਗ ਨੂੰ ਅੱਖਾਂ ਤੱਕ ਪਹੁੰਚਣ ਤੋਂ ਰੋਕਦਾ ਹੈ। ਨਾਲ ਹੀ ਐਨਕਾਂ ਪਾਉਣਾ ਵਾਧੂ ਸੁਰੱਖਿਆ ਦਿੰਦਾ ਹੈ। ਜੇਕਰ ਅੱਖਾਂ ’ਚ ਰੰਗ ਚਲਾ ਜਾਵੇ ਤਾਂ ਅੱਖਾਂ ਮਲਣ ਦੀ ਗ਼ਲਤੀ ਨਾ ਕਰੋ। ਇਸ ਨਾਲ ਰਸਾਇਣ ਹੋਰ ਅੰਦਰ ਚਲਾ ਜਾਂਦਾ ਹੈ। ਤੁਰੰਤ ਸਾਫ਼ ਵਹਿੰਦੇ ਪਾਣੀ ਨਾਲ ਅੱਖਾਂ ਧੋਵੋ।ਹਰਬਲ ਰੰਗਾਂ ਨੂੰ ਤਰਜ਼ੀਹ ਦਿਓ ਹਰਬਲ ਜਾਂ ਆਰਗੈਨਿਕ ਰੰਗ ਅੱਖਾਂ ਲਈ ਕਾਫੀ ਹੱਦ ਤੱਕ ਸੁਰੱਖਿਅਤ ਹਨ ਪਰ ਫਿਰ ਵੀ ਕਿਸੇ ਵੀ ਰੰਗ ਸਪ੍ਰੇ, ਪਾਊਡਰ ਨੂੰ ਅੱਖਾਂ ਤੋਂ ਦੂਰ ਰੱਖ ਕੇ ਹੀ ਇਸਤੇਮਾਲ ਕਰੋ।
ਇਹ ਵੀ ਪੜ੍ਹੋ : ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਚਮੜੀ ਦੀ ਸੁਰੱਖਿਆ ਲਈ ਹੋਲੀ ਖੇਡੋ ਸਮਝਦਾਰੀ ਨਾਲ
ਹੋਲੀ ਦੇ ਰੰਗਾਂ ਦੀ ਖੁਸ਼ੀ ਉਦੋਂ ਫਿੱਕੀ ਪੈ ਜਾਂਦੀ ਹੈ, ਜਦੋਂ ਚਮੜੀ ’ਤੇ ਜਲਣ, ਖਾਰਸ਼ ਜਾਂ ਐਲਰਜੀ ਹੋ ਜਾਵੇ। ਪੀ. ਜੀ. ਆਈ. ਦੇ ਚਮੜੀ ਵਿਭਾਗ ਦੀ ਸੀਨੀਅਰ ਰੈਜ਼ੀਡੈਂਟ ਡਾ. ਅਪੂਰਵਾ ਸ਼ਰਮਾ ਨੇ ਦੱਸਿਆ ਕਿ ਥੋੜ੍ਹੀ ਜਿਹੀ ਸਾਵਧਾਨੀ ਨਾਲ ਸਮੱਸਿਆਵਾਂ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਭਾਵੇਂ ਸੁੱਕੀ ਹੋਲੀ ਖੇਡਣੀ ਹੋਵੇ ਜਾਂ ਗਿੱਲੀ, ਪਹਿਲਾਂ ਚਮੜੀ ’ਤੇ ਸਨਸਕ੍ਰੀਨ, ਮਾਇਸਚਰਾਈਜ਼ਰ ਜਾਂ ਨਾਰੀਅਲ ਤੇਲ ਜ਼ਰੂਰ ਲਾਓ। ਇਹ ਚਮੜੀ ਤੇ ਰੰਗ ਵਿਚਕਾਰ ਇਕ ਸੁਰੱਖਿਆ ਪਰਤ ਬਣਾਉਂਦਾ ਹੈ, ਜਿਸ ਨਾਲ ਰੰਗ ਚਮੜੀ ਵਿੱਚ ਨਹੀਂ ਖਿੱਚਦਾ ਤੇ ਬਾਅਦ ’ਚ ਆਸਾਨੀ ਨਾਲ ਸਾਫ਼ ਵੀ ਹੋ ਜਾਂਦਾ ਹੈ। ਵਾਲਾਂ ਨੂੰ ਬਚਾਉਣ ਲਈ ਵੀ ਨਾਰੀਅਲ ਤੇਲ ਲਾਉਣਾ ਫ਼ਾਇਦੇਮੰਦ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
