IIT ਰੁੜਕੀ ਨੇ ਜਾਰੀ ਕੀਤਾ ਸ਼ਡਿਊਲ, 17 ਮਈ ਨੂੰ ਦੇਸ਼ ਭਰ ’ਚ ਹੋਵੇਗੀ JEE ਐਡਵਾਂਸਡ ਪ੍ਰੀਖਿਆ
Tuesday, Mar 10, 2026 - 10:34 AM (IST)
ਲੁਧਿਆਣਾ (ਵਿੱਕੀ) : ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਰੁੜਕੀ ਨੇ ਜੇ.ਈ.ਈ. ਐਡਵਾਂਸਡ ਨਾਲ ਜੁੜੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰੀਖਿਆ ਦੀ ਤਾਰੀਕ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ ਇਹ ਵੱਕਾਰੀ ਪ੍ਰੀਖਿਆ 17 ਮਈ ਨੂੰ ਲਈ ਜਾਵੇਗੀ। ਪ੍ਰੀਖਿਆ ਲਈ ਇੱਛੁਕ ਉਮੀਦਵਾਰ 23 ਅਪ੍ਰੈਲ ਤੋਂ ਲੈ ਕੇ 2 ਮਈ ਤਕ ਅਧਿਕਾਰਤ ਵੈੱਬਸਾਈਟ jeeadv.ac.in ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਵਿਦੇਸ਼ੀ ਉਮੀਦਵਾਰਾਂ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 6 ਅਪ੍ਰੈਲ ਤੋਂ ਹੀ ਸ਼ੁਰੂ ਹੋ ਜਾਵੇਗੀ। ਪ੍ਰੀਖਿਆ ਇਕ ਹੀ ਦਿਨ ਵਿਚ ਦੋ ਵੱਖ-ਵੱਖ ਸੈਸ਼ਨਾਂ ਵਿਚ ਹੋਵੇਗੀ। ਪਹਿਲਾ ਪੇਪਰ ਸਵੇਰੇ 9 ਤੋਂ ਦੁਪਹਿਰ 12 ਵਜੇ ਤਕ ਹੋਵੇਗਾ, ਜਦਕਿ ਦੂਜਾ ਪੇਪਰ ਦੁਪਹਿਰ 2.30 ਤੋਂ ਸ਼ਾਮ 5.30 ਵਜੇ ਤਕ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪਾਇਲ ਗੋਲੀਬਾਰੀ ਕਾਂਡ: ਮ੍ਰਿਤਕ ਸਤਨਾਮ ਦੀ ਪਤਨੀ ਵੱਲੋਂ ਨਿਰਪੱਖ ਜਾਂਚ ਤੇ ਪਰਿਵਾਰ ਲਈ ਮਦਦ ਦੀ ਅਪੀਲ
ਕੌਣ ਦੇ ਸਕੇਗਾ ਪ੍ਰੀਖਿਆ?
ਯੋਗਤਾ : ਜੇ. ਈ. ਈ. ਐਡਵਾਂਸਡ ਵਿਚ ਸ਼ਾਮਲ ਹੋਣ ਲਈ ਉਮੀਦਵਾਰ ਦਾ ਜੇ. ਈ. ਈ. ਮੇਨ ਦੇ ਪੇਪਰ-1 ਵਿਚ ਪਾਸ ਹੋਣਾ ਜ਼ਰੂਰੀ ਹੈ।
ਰੈਂਕ : ਸਿਰਫ਼ ਉਹੀ ਉਮੀਦਵਾਰ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ ਟਾਪ 2.5 ਲੱਖ ਵਿਚ ਆਪਣੀ ਜਗ੍ਹਾ ਬਣਾਈ ਹੋਵੇ।
ਅਕਾਦਮਿਕ ਸ਼ਰਤਾਂ : ਉਮੀਦਵਾਰ ਨੇ ਪਹਿਲੀ ਵਾਰ 12ਵੀਂ ਜਮਾਤ ਦੀ ਪ੍ਰੀਖਿਆ ਸਾਲ 2025 ਵਿਚ ਦਿੱਤੀ ਹੋਣੀ ਚਾਹੀਦੀ ਹੈ ਅਤੇ 12ਵੀਂ ਵਿਚ ਫਿਜ਼ਿਕਸ, ਕੈਮਿਸਟਰੀ ਅਤੇ ਮੈਥਸ ਵਿਸ਼ੇ ਹੋਣਾ ਲਾਜ਼ਮੀ ਹੈ।
ਪਾਬੰਦੀ : ਜਿਨ੍ਹਾਂ ਉਮੀਦਵਾਰਾਂ ਨੂੰ ਪਹਿਲਾਂ ਹੀ ਕਿਸੇ ਆਈ.ਆਈ.ਟੀ. ਵਿਚ ਦਾਖਲਾ ਮਿਲ ਚੁੱਕਾ ਹੈ, ਉਹ ਇਸ ਪ੍ਰੀਖਿਆ ਲਈ ਯੋਗ ਨਹੀਂ ਹੋਣਗੇ।
ਮੋਡ ਤੇ ਭਾਸ਼ਾ : ਪ੍ਰੀਖਿਆ ਕੰਪਿਊਟਰ ਆਧਾਰਿਤ ਟੈਸਟ (ਸੀ. ਬੀ. ਟੀ.) ਮੋਡ ਵਿਚ ਦੇਸ਼ ਭਰ ਦੇ ਨਿਰਧਾਰਤ ਪ੍ਰੀਖਿਆ ਕੇਂਦਰਾਂ ’ਤੇ ਹੋਵੇਗੀ। ਪ੍ਰਸ਼ਨ ਪੱਤਰ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿਚ ਉਪਲਬਧ ਹੋਵੇਗਾ।
