ਗੁਰਬਾਣੀ ਦੀ ਤੁੱਕ ਸਾਂਝੀ ਕਰ ਖਹਿਰਾ ਨੇ ‘ਆਪ’ ਵਿਧਾਇਕਾਂ 'ਤੇ ਸਾਧਿਆ ਨਿਸ਼ਾਨਾ, ਪੜ੍ਹੋ ਕੀ ਕਿਹਾ
Wednesday, Mar 11, 2026 - 12:18 PM (IST)
ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ 'ਤੇ ਸਖ਼ਤ ਟਿੱਪਣੀ ਕਰਦਿਆਂ ਇਸ ਨੂੰ 'ਮਜ਼ਾਕ ਅਤੇ ਡਰਾਵੇ ਦਾ ਅਖਾੜਾ' ਕਰਾਰ ਦਿੱਤਾ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵਤੀਰੇ 'ਤੇ ਵਰ੍ਹਦਿਆਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪਵਿੱਤਰ ਤੁਕ 'ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ' ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਇਹ ਤੁੱਕ ਮੌਜੂਦਾ ਸਰਕਾਰ ਦੇ ਜ਼ਾਲਮਾਨਾ ਮਨੋਵਿਗਿਆਨ 'ਤੇ ਪੂਰੀ ਤਰ੍ਹਾਂ ਢੁੱਕਦੀ ਹੈ। ਖਹਿਰਾ ਅਨੁਸਾਰ ਇਸ ਦਾ ਅਰਥ ਹੈ ਕਿ ਜਦੋਂ ਮਰਦ ਰੱਬ ਤੋਂ ਵਿੱਛੜ ਕੇ ਜ਼ਾਲਮ ਹੋ ਜਾਂਦੇ ਹਨ ਤਾਂ ਔਰਤਾਂ ਉਸ ਜ਼ੁਲਮ 'ਚ ਉਨ੍ਹਾਂ ਦੀਆਂ ਸਲਾਹਕਾਰ ਬਣ ਜਾਂਦੀਆਂ ਹਨ।
ਖਹਿਰਾ ਨੇ ਦੋਸ਼ ਲਾਇਆ ਕਿ ਵਿਧਾਨ ਸਭਾ 'ਚ ਮੌਜੂਦ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ਖ਼ਿਲਾਫ਼ ਚਲਾਈ ਗਈ ਕਥਿਤ ਬਦਨਾਮ ਮੁਹਿੰਮ ਵਿਰੁੱਧ ਬੋਲਣ ਜਾਂ ਆਪਣਾ ਬਚਾਅ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਭੂਮਿਕਾ ਨੂੰ ਪੱਖਪਾਤੀ ਦੱਸਦਿਆਂ ਕਿਹਾ ਕਿ ਸਪੀਕਰ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਲਿਆਂਦਾ ਉਹ ਮਤਾ ਰੱਦ ਕਰ ਦਿੱਤਾ, ਜੋ ਮੁੱਖ ਮੰਤਰੀ ਵੱਲੋਂ ਔਰਤਾਂ ਲਈ ਵਰਤੀ ਗਈ ਕਥਿਤ ਅਪਮਾਨਜਨਕ ਸ਼ਬਦਾਵਲੀ (ਜਿਵੇਂ 'ਭਾਬੀ', 'ਪਟੋਲਾ', 'ਭਰਿੰਡ' ਅਤੇ 'ਪਾਕਿਸਤਾਨੀ ਝੰਡਾ') ਦੇ ਵਿਰੋਧ 'ਚ ਸੀ।
ਖਹਿਰਾ ਨੇ ਅੱਗੇ ਕਿਹਾ ਕਿ ਮਹਿਲਾ ਵਿਧਾਇਕਾਂ ਉਨ੍ਹਾਂ ਮਰਦ ਸਹਿਯੋਗੀਆਂ ਦੀ ਪਿੱਠ ਥਾਪੜ ਰਹੀਆਂ ਹਨ, ਜੋ ਕਥਿਤ ਤੌਰ 'ਤੇ ਨਕਲੀ ਮੁਕਾਬਲਿਆਂ, ਕਿਸਾਨਾਂ 'ਤੇ ਤਸ਼ੱਦਦ ਅਤੇ ਮੁਲਾਜ਼ਮਾਂ ਨਾਲ ਬੇਰਹਿਮੀ ਲਈ ਜ਼ਿੰਮੇਵਾਰ ਹਨ। ਉਨ੍ਹਾਂ ਨੇ ਸਰਕਾਰ 'ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਉਂਦਿਆਂ ਸਵਾਲ ਚੁੱਕੇ ਹਨ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਔਰਤਾਂ ਦੀ ਹੇਠੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
