ਪੰਜਾਬ: Petrol Pumps ''ਤੇ ਲੱਗੀਆਂ ਲੰਮੀਆਂ ਕਤਾਰਾਂ! ਜੰਗ ਦੀਆਂ ਖ਼ਬਰਾਂ ਤੋਂ ਡਰੇ ਲੋਕ ਸਟੋਰ ਕਰਨ ਲੱਗੇ ਪੈਟ੍ਰੋਲ-ਡੀਜ਼ਲ

Friday, Mar 06, 2026 - 03:19 PM (IST)

ਪੰਜਾਬ: Petrol Pumps ''ਤੇ ਲੱਗੀਆਂ ਲੰਮੀਆਂ ਕਤਾਰਾਂ! ਜੰਗ ਦੀਆਂ ਖ਼ਬਰਾਂ ਤੋਂ ਡਰੇ ਲੋਕ ਸਟੋਰ ਕਰਨ ਲੱਗੇ ਪੈਟ੍ਰੋਲ-ਡੀਜ਼ਲ

ਮਹਿਲ ਕਲਾਂ (ਹਮੀਦੀ): ਇਜ਼ਰਾਈਲ-ਅਮਰੀਕਾ ਤੇ ਇਰਾਨ ਵਿਚਕਾਰ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਤਣਾਅ ਦੀਆਂ ਖ਼ਬਰਾਂ ਦਾ ਅਸਰ ਹੁਣ ਪੰਜਾਬ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਜੰਗ ਦੇ ਮਾਹੌਲ ਕਾਰਨ ਆਉਣ ਵਾਲੇ ਦਿਨਾਂ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਜਾਂ ਸਪਲਾਈ ਘਟਣ ਦੀਆਂ ਅਫਵਾਹਾਂ ਫੈਲਣ ਨਾਲ ਲੋਕਾਂ ਅਤੇ ਕਿਸਾਨਾਂ ਵੱਲੋਂ ਪੈਟਰੋਲ ਪੰਪਾਂ 'ਤੇ ਵੱਡੀ ਗਿਣਤੀ ਵਿਚ ਪਹੁੰਚ ਕੇ ਤੇਲ ਸਟੋਰ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਸਵੇਰੇ ਤੋਂ ਹੀ ਕਸਬਾ ਮਹਿਲ ਕਲਾਂ ਦੇ ਇਲਾਕੇ ਅਧੀਨ ਆਉਂਦੇ ਪੈਟਰੋਲ ਪੰਪਾਂ ’ਤੇ ਭਾਰੀ ਭੀੜ ਦੇਖਣ ਨੂੰ ਮਿਲੀ। ਕਈ ਥਾਵਾਂ 'ਤੇ ਕਿਸਾਨ ਆਪਣੇ ਟਰੈਕਟਰਾਂ 'ਤੇ ਡਰੰਮ ਲੱਦ ਕੇ ਡੀਜ਼ਲ ਭਰਾਉਣ ਲਈ ਲੰਮੀਆਂ ਕਤਾਰਾਂ ਵਿਚ ਖੜੇ ਨਜ਼ਰ ਆਏ, ਜਦਕਿ ਆਮ ਰਾਹਗੀਰ ਵੀ ਸਪਲਾਈ ਬੰਦ ਹੋਣ ਦੇ ਡਰ ਕਾਰਨ ਆਪਣੇ ਵਾਹਨਾਂ ਦੀਆਂ ਟੈਂਕੀਆਂ ਫੁੱਲ ਕਰਵਾਉਂਦੇ ਦਿਖਾਈ ਦਿੱਤੇ। 

ਕੁਝ ਪੈਟਰੋਲ ਪੰਪਾਂ ’ਤੇ ਤੇਲ ਦੀ ਮੰਗ ਅਚਾਨਕ ਵਧ ਜਾਣ ਕਾਰਨ ਸਪਲਾਈ ਘਟਣ ਦੀ ਸਥਿਤੀ ਵੀ ਬਣੀ, ਜਿਸ ਨਾਲ ਕਈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕ ਡੀਜ਼ਲ ਨੂੰ ਡਰੰਮਾਂ ਤੋਂ ਇਲਾਵਾ ਪਾਣੀ ਵਾਲੀਆਂ ਟੈਂਕੀਆਂ ਵਿਚ ਵੀ ਸਟੋਰ ਕਰਦੇ ਨਜ਼ਰ ਆਏ। ਪਿੰਡ ਵਜੀਦਕੇ ਖੁਰਦ ਦੇ ਕਿਸਾਨ ਸੁਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਆਲੂਆਂ ਦੀ ਪੁਟਾਈ ਤੋਂ ਬਾਅਦ ਮੂੰਗੀ ਤੇ ਮੱਕੀ ਦੀ ਫਸਲ ਲਈ ਖੇਤ ਤਿਆਰ ਕਰਨ ਵਾਸਤੇ ਡੀਜ਼ਲ ਦੀ ਲੋੜ ਪੈਂਦੀ ਹੈ, ਜਿਸ ਕਾਰਨ ਕਿਸਾਨ ਡੀਜ਼ਲ ਸਟੋਰ ਕਰਨ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਝੋਨੇ ਦੀ ਲਵਾਈ ਲਈ ਅਜੇ ਸਮਾਂ ਪਿਆ ਹੈ, ਪਰ ਸਪਲਾਈ ਘਟਣ ਦੇ ਡਰ ਨੇ ਕਿਸਾਨਾਂ ਨੂੰ ਚਿੰਤਿਤ ਕੀਤਾ ਹੋਇਆ ਹੈ। 

ਪਿੰਡ ਹਮੀਦੀ ਦੇ ਕਿਸਾਨ ਏਕਮ ਸਿੰਘ ਦਿਓਲ ਅਤੇ ਪਿੰਡ ਅਮਲਾ ਸਿੰਘ ਵਾਲਾ ਦੇ ਕਿਸਾਨ ਨਾਨਕ ਸਿੰਘ ਨੇ ਕਿਹਾ ਕਿ ਜੰਗ ਕਾਰਨ ਤੇਲ ਸਪਲਾਈ ਬੰਦ ਹੋਣ ਦੀਆਂ ਅਫਵਾਹਾਂ ਨੇ ਪੈਟਰੋਲ ਪੰਪਾਂ ’ਤੇ ਲੰਮੀਆਂ ਲਾਈਨਾਂ ਲਗਵਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਵੱਡੀਆਂ ਕੰਪਨੀਆਂ ਨੂੰ ਫਾਇਦਾ ਹੋ ਸਕਦਾ ਹੈ, ਜਦਕਿ ਆਮ ਲੋਕ ਅਤੇ ਕਿਸਾਨ ਨੁਕਸਾਨ ਝੱਲ ਸਕਦੇ ਹਨ।ਪਿੰਡ ਵਜੀਦਕੇ ਖੁਰਦ ਦੇ ਕਿਸਾਨ ਐਸਲਵਪ੍ਰੀਤ ਸਿੰਘ ਨੇ ਕਿਹਾ ਕਿ ਤੇਲ ਖਤਮ ਹੋਣ ਸਬੰਧੀ ਫੈਲ ਰਹੀਆਂ ਅਫਵਾਹਾਂ ਤੋਂ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ, ਬਲਾਕ ਆਗੂ ਗਿਆਨ ਸਿੰਘ ਛਾਪਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਬਲਾਕ ਪ੍ਰਧਾਨ ਪਰਮਜੀਤ ਸਿੰਘ ਢੀਂਡਸਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਆਗੂ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਕਿਸਾਨਾਂ ਨੂੰ ਲੁੱਟਣ ਲਈ ਤੇਲ ਬੰਦ ਹੋਣ ਸਬੰਧੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਤੇਲ ਦੀ ਸਪਲਾਈ ਬੰਦ ਹੋਣ ਬਾਰੇ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ ਅਤੇ ਕਿਸਾਨਾਂ ਨੂੰ ਅਜਿਹੀਆਂ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ।

'ਤੇਲ ਦੀ ਸਪਲਾਈ ਲਗਾਤਾਰ ਜਾਰੀ'

ਪੈਟਰੋਲ ਪੰਪ ਦੇ ਮੈਨੇਜਰ ਗੁਰਪ੍ਰੀਤ ਸਿੰਘ ਬਿੱਟੂ ਨੇ ਕਿਹਾ ਕਿ ਜੰਗ ਨਾਲ ਜੁੜੀਆਂ ਖ਼ਬਰਾਂ ਕਾਰਨ ਤੇਲ ਦੀ ਮੰਗ ਜਰੂਰ ਵਧੀ ਹੈ, ਪਰ ਤੇਲ ਦੀ ਸਪਲਾਈ ਨਿਰਵਿਘਨ ਜਾਰੀ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਐਸਡੀਐਮ ਮਹਿਲ ਕਲਾਂ ਕ੍ਰਿਤਿਕਾ ਗੋਇਲ ਨੇ ਕਿਹਾ ਕਿ ਤੇਲ ਦੀ ਸਪਲਾਈ ਘਟਣ ਬਾਰੇ ਅਜੇ ਤੱਕ ਉਨ੍ਹਾਂ ਦੇ ਧਿਆਨ ਵਿਚ ਕੋਈ ਗੱਲ ਨਹੀਂ ਆਈ। ਫਿਰ ਵੀ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ।


author

Anmol Tagra

Content Editor

Related News