ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

Sunday, Mar 06, 2022 - 10:06 PM (IST)

ਜਲੰਧਰ : ਰੂਸ-ਯੂਕ੍ਰੇਨ ਜੰਗ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਹੀ। ਇਸ ਦੌਰਾਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪੁਤਿਨ ਨੂੰ ਹਰਾ ਕੇ ਯੂਕ੍ਰੇਨ-ਰੂਸ ਵਿਵਾਦ ਨੂੰ ਸੁਲਝਾਉਣ ਲਈ ਛੇ-ਸੂਤਰੀ ਯੋਜਨਾ ਤਿਆਰ ਕੀਤੀ ਹੈ। ਉਥੇ ਯੂਕ੍ਰੇਨ ਤੋਂ ਹੁਣ ਤੱਕ 9 ਲੱਖ ਤੋਂ ਵੱਧ ਸ਼ਰਨਾਰਥੀ ਸਰਹੱਦ ਪਾਰ ਕਰਕੇ ਪੋਲੈਂਡ ਪਹੁੰਚ ਚੁੱਕੇ ਹਨ। ਦੂਜੇ ਪਾਸੇ ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਸੂਬੇ 'ਚ ਅੱਜ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਅਜਿਹੀਆਂ ਹੀ ਘਟਨਾਵਾਂ ਸਬੰਧੀ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ-

ਪੰਜਾਬ ਚੋਣਾਂ ’ਚ 50 ਲੱਖ ਨੌਜਵਾਨ ਵੋਟਰ ਬਣਨਗੇ ਗੇਮ ਚੇਂਜਰ, 5 ਸਿਆਸੀ ਪਾਰਟੀਆਂ ਨੂੰ ਝੱਲਣੀ ਪੈ ਸਕਦੀ ਹੈ ‘ਨਮੋਸ਼ੀ’
ਪੰਜਾਬ ਵਿਚ 20 ਫਰਵਰੀ ਨੂੰ 117 ਵਿਧਾਨ ਸਭਾ ਹਲਕਿਆਂ ਲਈ ਪੋਲਿੰਗ ਦੀ ਪ੍ਰਕਿਰਿਆ ਮੁਕੰਮਲ ਹੋਈ ਸੀ। ਹੁਣ ਚੋਣ ਨਤੀਜਿਆਂ ਦੀ ਉਡੀਕ ਹੈ। ਸਿਆਸੀ ਪਾਰਟੀਆਂ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ। 2017 ਦੇ ਮੁਕਾਬਲੇ ਘੱਟ ਪੋਲਿੰਗ ਹੋਣ ਕਾਰਨ ਕਈ ਤਰ੍ਹਾਂ ਦੇ ਅਨੁਮਾਨ ਲਾਏ ਜਾ ਰਹੇ ਹਨ। ਸੰਭਾਵਿਤ ਚੋਣ ਨਤੀਜਿਆਂ ਸੰਬੰਧੀ ਅਸੀਂ ਪੇਂਡੂ ਬਾਜ਼ਾਰ ਮਾਹਰ ਰਾਕੇਸ਼ ਝਾਂਜੀ ਕੋਲੋਂ ਉਨ੍ਹਾਂ ਦੇ ਵਿਚਾਰ ਜਾਣੇ ਜਿਸ ਵਿਚ ਆਉਣ ਵਾਲੀ ਸਰਕਾਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਸਾਹਮਣੇ ਆਈਆਂ ਹਨ।

ਪੁਲਸ ਨੇ ਨਾਕੇ ’ਤੇ ਰੋਕੀ ਐਂਬੂਲੈਂਸ, ਜਦੋਂ ਤਲਾਸ਼ੀ ਲਈ ਤਾਂ ਸਾਹਮਣੇ ਆਇਆ ਕਾਲਾ ਕਾਰਨਾਮਾ
ਤਲਵੰਡੀ ਸਾਬੋ ਪੁਲਸ ਨੇ ਨਸ਼ੇ ਖ਼ਿਲਾਫ ਚਲਾਈ ਮੁਹਿੰਮ ਤਹਿਤ ਉਸ ਸਮੇਂ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਐਂਬੂਲੈਂਸ ਦੀ ਆੜ ਵਿਚ ਹੈਰੋਇਨ ਵੇਚਣ ਅਤੇ ਪੀਣ ਦੇ ਆਦੀ ਦੋ ਨੌਜਵਾਨ ਨੂੰ ਕਾਬੂ ਕਰ ਲਿਆ। ਪੁਲਸ ਨੇ ਐਂਬੂਲੈਂਸ ਆਪਣੇ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ।

ਵੱਡੀ ਖ਼ਬਰ : ਅੰਮ੍ਰਿਤਸਰ ’ਚ 4 ਜਵਾਨਾਂ ਨੂੰ ਮਾਰਨ ਵਾਲੇ BSF ਦੇ ਜਵਾਨ ਨੇ ਕੀਤੀ ਖ਼ੁਦਕੁਸ਼ੀ
ਅੰਮ੍ਰਿਤਸਰ ਦੇ ਬੀ.ਐੱਸ.ਐੱਫ. ਸੈਕਟਰ ਖਾਸਾ ਅਟਾਰੀ ਰੋਡ ਵਿਖੇ ਡਿਊਟੀ 'ਤੇ ਤਾਇਨਾਤ ਇਕ ਜਵਾਨ ਨੇ ਡਿਊਟੀ ਵੱਧ ਲਏ ਜਾਣ 'ਤੇ ਚਾਰ ਸਾਥੀ ਜਵਾਨਾਂ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ। ਜਵਾਨਾਂ ਨੂੰ ਮਾਰਨ ਤੋਂ ਬਾਅਦ ਬੀ.ਐੱਸ.ਐੱਫ. ਦੇ ਜਵਾਨ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਸੀ, ਜਿਸ ਦੀ ਹੁਣ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ।

10 ਮਾਰਚ ਨੂੰ ਖ਼ਤਮ ਨਹੀਂ ਹੋਵੇਗਾ ਪੰਜਾਬ ’ਚ ਸ਼ੁਰੂ ਹੋਇਆ ਚੋਣਾਂ ਦਾ ਮਾਹੌਲ, ਜਾਣੋ ਕਿਉਂ
ਪੰਜਾਬ ’ਚ 10 ਮਾਰਚ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਵਾਲੇ ਹਨ। ਚੋਣ ਨਤੀਜਿਆਂ ਤੋਂ ਪਹਿਲਾਂ ਸਭ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਰਹੀਆਂ ਹਨ। ਜਿਥੇ ਇਕ ਪਾਸੇ ਉਮੀਦਵਾਰ ਚੋਣ ਨਤੀਜਿਆਂ ਨੂੰ ਲੈ ਕੇ ਵੱਖ-ਵੱਖ ਦਾਅਵੇ ਕਰ ਰਹੇ ਹਨ, ਉਥੇ ਉਮੀਦਵਾਰਾਂ ਦੇ ਹਮਾਇਤੀ ਸੋਸ਼ਲ ਮੀਡੀਆ ’ਤੇ ਆਪਣੇ-ਆਪਣੇ ਆਗੂ ਦੀ ਜਿੱਤ ਨੂੰ ਲੈ ਕੇ ਦਾਅਵਿਆਂ ਦੇ ਢੇਰ ਲਾ ਰਹੇ ਹਨ।

ਕੋਵਿਡ ਦੇ ਮੱਦੇਨਜ਼ਰ ਬਦਲੇਗਾ ਵੋਟਾਂ ਦਾ ਕਾਊਂਟਿੰਗ ਸਿਸਟਮ, 2 ਹਿੱਸਿਆਂ 'ਚ ਲੱਗਣਗੇ ਟੇਬਲ
ਪੰਜਾਬ 'ਚ ਵਿਧਾਨ ਸਭਾ ਚੋਣਾਂ ਦੌਰਾਨ ਕੋਵਿਡ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਲਾਈਆਂ ਗਈਆਂ ਪਾਬੰਦੀਆਂ 10 ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਤੱਕ ਜਾਰੀ ਰਹਿਣਗੀਆਂ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸੇ ਵਿਧਾਨ ਸਭਾ ਸੀਟ 'ਤੇ ਵੋਟ ਪਾਉਣ ਤੋਂ ਬਾਅਦ ਗਿਣਤੀ ਲਈ ਵੱਧ ਤੋਂ ਵੱਧ 14 ਟੇਬਲ ਲਗਾਏ ਜਾ ਸਕਦੇ ਹਨ।

ਯੂਕ੍ਰੇਨ ਸੰਕਟ : ਸੋਮਵਾਰ ਨੂੰ 1500 ਤੋਂ ਵਧ ਭਾਰਤੀ 8 ਉਡਾਣਾਂ ਰਾਹੀਂ ਪਰਤਣਗੇ ਦੇਸ਼
ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਐਤਵਾਰ ਨੂੰ ਕਿਹਾ ਕਿ ਜੰਗ ਪ੍ਰਭਾਵਿਤ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ਤੋਂ 1500 ਤੋਂ ਵਧ ਭਾਰਤੀਆਂ ਨੂੰ ਵਤਨ ਲਿਆਉਣ ਲਈ ਸੋਮਵਾਰ ਨੂੰ 8 ਉਡਾਣਾਂ ਚਲਾਈਆਂ ਜਾਣਗੀਆਂ। ਯੂਕ੍ਰੇਨ ਦਾ ਹਵਾਈ ਖੇਤਰ ਰੂਸੀ ਹਮਲੇ ਕਾਰਨ 24 ਫਰਵਰੀ ਤੋਂ ਬੰਦ ਹੈ। ਯੂਕ੍ਰੇਨ ਤੋਂ ਬਾਹਰ ਨਿਕਲ ਰਹੇ ਭਾਰਤੀ ਨਾਗਰਿਕਾਂ ਨੂੰ ਰੋਮਾਨੀਆ, ਹੰਗਰੀ, ਸਲੋਵਾਕੀਆ ਅਤੇ ਪੋਲੈਂਡ ਵਰਗੇ ਦੇਸ਼ਾਂ ਤੋਂ ਜਹਾਜ਼ਾਂ ਰਾਹੀਂ ਦੇਸ਼ ਲਿਆਂਦਾ ਜਾ ਰਿਹਾ ਹੈ।

ਯੂਕ੍ਰੇਨ ਤੋਂ ਹੁਣ ਤੱਕ 9 ਲੱਖ ਤੋਂ ਵੱਧ ਸ਼ਰਨਾਰਥੀ ਪਹੁੰਚੇ ਪੋਲੈਂਡ
ਪੋਲੈਂਡ ਦੀ ਸਰਹੱਦ ਸੁਰੱਖਿਆ ਏਜੰਸੀ ਨੇ ਕਿਹਾ ਕਿ 24 ਫਰਵਰੀ ਤੋਂ ਹੁਣ ਤੱਕ ਯੂਕ੍ਰੇਨ ਤੋਂ 9,22,000 ਸ਼ਰਨਾਰਥੀ ਸਰਹੱਦ ਪਾਰ ਕਰਕੇ ਦੇਸ਼ 'ਚ ਆ ਚੁੱਕੇ ਹਨ। ਏਜੰਸੀ ਨੇ ਟਵਿੱਟਰ 'ਤੇ ਕਿਹਾ ਕਿ ਸ਼ਨੀਵਾਰ ਨੂੰ 1,29,000 ਤੋਂ ਜ਼ਿਆਦਾ ਲੋਕ ਪੋਲੈਂਡ 'ਚ ਦਾਖਲ ਹੋ ਚੁੱਕੇ ਹਨ ਜੋ ਇਕ ਦਿਨ 'ਚ ਆਉਣ ਵਾਲੇ ਸ਼ਰਨਾਰਥੀਆਂ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ।

ਜ਼ੇਲੇਂਸਕੀ ਨੇ ਯੂਕ੍ਰੇਨ ਨੂੰ ਨੋ-ਫਲਾਇੰਗ ਜ਼ੋਨ ਬਣਾਉਣ 'ਤੇ ਦਿੱਤਾ ਜ਼ੋਰ
ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਹੋਰ ਦੇਸ਼ਾਂ ਤੋਂ ਯੂਕ੍ਰੇਨ ਨੂੰ ਨੋ-ਫਲਾਇੰਗ ਜ਼ੋਨ ਲਾਗੂ ਕਰਨ 'ਤੇ ਜ਼ੋਰ ਦੇ ਰਹੇ ਹਨ। ਇਕ ਨੋ-ਫਲਾਇੰਗ ਜ਼ੋਨ ਬਣਾਉਣ ਨਾਲ ਸਿੱਧਾ ਵਿਦੇਸ਼ੀ ਫੌਜੀਆਂ ਨੂੰ ਸ਼ਾਮਲ ਕਰਨ ਨਾਲ ਸੰਘਰਸ਼ ਵਧਾਉਣ ਦਾ ਜੋਖਮ ਹੋਵੇਗਾ। ਹਾਲਾਂਕਿ ਅਮਰੀਕਾ ਅਤੇ ਕਈ ਪੱਛਮੀ ਦੇਸ਼ਾਂ ਨੇ ਹਥਿਆਰਾਂ ਦੀ ਖੇਪ ਨਾਲ ਯੂਕ੍ਰੇਨ ਦਾ ਸਮਰਥਨ ਕੀਤਾ ਹੈ ਪਰ ਉਨ੍ਹਾਂ ਨੇ ਫੌਜੀ ਨਹੀਂ ਭੇਜੇ ਹਨ।

ਰੂਸ ਖ਼ਿਲਾਫ਼ ਜਾਨਸਨ ਦਾ ਵੱਡਾ ਕਦਮ, ਬਣਾਈ ਪੁਤਿਨ ਨੂੰ ਹਰਾਉਣ ਦੀ ਯੋਜਨਾ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪੁਤਿਨ ਨੂੰ ਹਰਾ ਕੇ ਯੂਕ੍ਰੇਨ-ਰੂਸ ਵਿਵਾਦ ਨੂੰ ਸੁਲਝਾਉਣ ਲਈ ਕੌਮਾਂਤਰੀ ਭਾਈਚਾਰੇ ਲਈ ਛੇ-ਸੂਤਰੀ ਯੋਜਨਾ ਤਿਆਰ ਕੀਤੀ ਹੈ। ਦਿ ਨਿਊ ਯਾਰਕਰ ਟਾਈਮਜ਼ ਦੇ ਇੱਕ ਲੇਖ ਵਿਚ ਬੋਰਿਸ ਦੇ ਹਵਾਲੇ ਨਾਲ ਕਿਹਾ ਗਿਆ ਕਿ ਇਸ ਤਰ੍ਹਾਂ ਦੀ ਹਮਲਾਵਰਤਾ ਦਿਖਾਉਣ ਵਾਲੇ ਪੁਤਿਨ ਨੂੰ ਹਰਾਉਣਾ ਹੋਵੇਗਾ।


Harnek Seechewal

Content Editor

Related News