ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ, ਸੁੱਕੀ ਠੰਡ ਤੋਂ ਮਿਲੀ ਰਾਹਤ

Tuesday, Dec 24, 2024 - 12:05 PM (IST)

ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ, ਸੁੱਕੀ ਠੰਡ ਤੋਂ ਮਿਲੀ ਰਾਹਤ

ਜਲਾਲਾਬਾਦ (ਬੰਟੀ) : ਬੀਤੀ ਸਵੇਰ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਜਿੱਥੇ ਸੁੱਕੀ ਠੰਡ ਤੋਂ ਰਾਹਤ ਮਿਲੀ ਹੈ, ਉੱਥੇ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਇੰਨਾ ਕੁ ਮੀਂਹ ਹਰ ਤਰ੍ਹਾਂ ਦੀ ਫ਼ਸਲ ਲਈ ਲਾਹੇਵੰਦ ਹੈ। ਇਸ ਸਬੰਧੀ ਕਿਸਾਨ ਅਤੇ ਸਾਬਕਾ ਸਰਪੰਚ ਰਾਸ਼ਪਾਲ ਜੋਸਨ ਟਿੰਡਾ ਵਾਲਾ, ਸਾਬਕਾ ਸਰਪੰਚ ਸੁਖਦੇਵ ਸਿੰਘ ਮੁਰਕ ਵਾਲਾ, ਸਾਬਕਾ ਸਰਪੰਚ ਸਰਬਜੀਤ ਭਾਬਡ਼ਾ ਤੇ ਸਾਬਕਾ ਸਰਪੰਚ ਧਰਮ ਸਿੰਘ ਸਿੱਧੂ ਬੱਧੇ ਕੇ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਬੀਤੇ ਦਿਨੀਂ ਆਪਣੇ ਖੇਤਾਂ ’ਚ ਕਣਕ ਨੂੰ ਪਾਣੀ ਨਹੀਂ ਦਿੱਤਾ ਸੀ, ਉਨ੍ਹਾਂ ਲਈ ਇਹ ਬਾਰਸ਼ ਬਹੁਤ ਹੀ ਫ਼ਾਇਦੇਮੰਦ ਸਿੱਧ ਹੋ ਰਹੀ ਹੈ।

ਕਿਸਾਨਾਂ ਨੇ ਦੱਸਿਆ ਕਿ ਮੀਂਹ ਪੈਣ ਨਾਲ ਕਿਸਾਨਾਂ ਨੂੰ ਫ਼ਾਇਦਾ ਪਹੁੰਚੇਗਾ ਤੇ ਹੁਣ ਬਾਰਸ਼ ਤੋਂ ਬਾਅਦ ਧੁੰਦਾਂ ਪੈਣ ਦਾ ਵੀ ਖ਼ਦਸ਼ਾ ਘੱਟ ਜਾਂਦਾ ਹੈ। ਜੇਕਰ ਇਕੱਲਾ ਕੋਹਰਾ ਪੈਂਦਾ ਰਹਿੰਦਾ ਤਾਂ ਉਹ ਹਰ ਫ਼ਸਲ, ਹਰੇ ਚਾਰੇ ਅਤੇ ਸਬਜ਼ੀਆਂ ਲਈ ਨੁਕਸਾਨਦੇਹ ਹੋਣਾ ਸੀ। ਇਸ ਬਾਰਸ਼ ਨਾਲ ਜਿੱਥੇ ਸਾਰੀਆਂ ਫ਼ਸਲਾਂ ਦੇ ਪਾਣੀ ਦੀ ਪੂਰਤੀ ਹੋਵੇਗੀ, ਉੱਥੇ ਹੀ ਇਹ ਹੋਰ ਵੀ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਜੇ ਬਾਰਸ਼ ਜ਼ਿਆਦਾ ਹੁੰਦੀ ਹੈ ਤਾਂ ਸਾਰੇ ਕਿਸਾਨਾਂ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ, ਕਿਉਂਕਿ ਜ਼ਿਆਦਾਤਰ ਕਿਸਾਨਾਂ ਨੇ ਆਪਣੀਆਂ ਫ਼ਸਲਾਂ ਨੂੰ ਪਾਣੀ ਲਗਾ ਲਿਆ ਹੈ। ਉਨ੍ਹਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰਸ਼ ਨਾਲ ਕਣਕ ਦੀ ਖੜ੍ਹੀ ਫ਼ਸਲ, ਸਬਜ਼ੀਆਂ, ਹਰਾ ਚਾਰਾ ਆਦਿ ਨੂੰ ਜੇਕਰ ਕੋਈ ਥੋੜ੍ਹੀ ਬਹੁਤੀ ਬੀਮਾਰੀ ਸੀ, ਉਹ ਵੀ ਖ਼ਤਮ ਹੋ ਜਾਵੇਗੀ ਅਤੇ ਇਹ ਬਾਰਸ਼ ਨਾਲ ਤਾਂ ਹਰ ਤਰ੍ਹਾਂ ਦੀ ਫ਼ਸਲ ਲਈ ਇਕ ਕੁਦਰਤੀ ਸਪਰੇਅ ਦੇ ਤੌਰ ’ਤੇ ਕੰਮ ਕਰੇਗੀ ਤੇ ਝਾੜ ’ਚ ਵੀ ਵਾਧਾ ਹੋਵੇਗਾ ਅਤੇ ਜੋ ਗੁਲਾਬੀ ਸੁੰਡੀ ਦਾ ਖ਼ੌਫ਼ ਪਾਇਆ ਜਾ ਰਿਹਾ ਸੀ, ਉਸ ਤੋਂ ਵੀ ਨਿਜ਼ਾਤ ਮਿਲੇਗੀ।


author

Babita

Content Editor

Related News