ਦਿਓਰ ਨੇ ਭਰਜਾਈ ਨਾਲ ਟੱਪੀਆਂ ਸਾਰੀਆਂ ਹੱਦਾਂ, 3 ਮਹੀਨਿਆਂ ਦੀ ਹੋ ਗਈ ਗਰਭਵਤੀ
Sunday, Mar 01, 2026 - 10:47 AM (IST)
ਅਬੋਹਰ (ਸੁਨੀਲ) : ਫਾਜ਼ਿਲਕਾ ਜ਼ਿਲ੍ਹੇ ਦੀ ਇਕ ਵਿਆਹੁਤਾ ਔਰਤ ਨੇ ਆਪਣੇ ਦਿਓਰ ਜੋ ਕਿ ਪੰਜਪੀਰ ਨਗਰ ਦਾ ਰਹਿਣ ਵਾਲਾ ਹੈ, ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਉਸ ਨੂੰ ਜ਼ਬਰਦਸਤੀ ਆਪਣੇ ਘਰ ’ਚ ਬੰਧਕ ਬਣਾ ਕੇ ਰੱਖਿਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਕਾਰਨ ਉਹ ਤਿੰਨ ਮਹੀਨਿਆਂ ਦੀ ਗਰਭਵਤੀ ਹੋ ਗਈ। ਪੀੜਤਾ ਨੂੰ ਡਾਕਟਰੀ ਜਾਂਚ ਲਈ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਸਿਟੀ ਥਾਣਾ ਨੰਬਰ-1 ਦੀ ਪੁਲਸ ਉਸ ਦਾ ਬਿਆਨ ਦਰਜ ਕਰ ਰਹੀ ਹੈ। 21 ਸਾਲਾ ਪੀੜਤਾ ਜੋ ਕਿ ਇਲਾਜ ਅਧੀਨ ਹੈ, ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਨੇ ਇਕ ਧੀ ਨੂੰ ਜਨਮ ਦਿੱਤਾ ਸੀ।
ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਕੁੱਝ ਮਹੀਨਿਆਂ ਤੋਂ ਸ਼੍ਰੀ ਗੰਗਾਨਗਰ ’ਚ ਕੰਮ ਕਰ ਰਿਹਾ ਸੀ ਅਤੇ ਹਾਲ ਹੀ ’ਚ ਉਸ ਦੇ ਚਾਚੇ ਸਹੁਰੇ ਦਾ ਪੁੱਤਰ ਜੋ ਕਿ ਪੰਜਪੀਰ ਨਗਰ ’ਚ ਰਹਿੰਦਾ ਹੈ, ਉਸ ਨੂੰ ਸਰ੍ਹੋਂ ਦੀ ਕਟਾਈ ਦੇ ਕੰਮ ਦੇ ਬਹਾਨੇ ਅਬੋਹਰ ਲੈ ਆਇਆ। ਪੀੜਤਾ ਨੇ ਦੱਸਿਆ ਕਿ ਅਬੋਹਰ ਪਹੁੰਚਣ ਤੋਂ ਬਾਅਦ ਉਸ ਦੇ ਦਿਓਰ ਨੇ ਉਸ ਨੂੰ ਆਪਣੇ ਘਰ ’ਚ ਬੰਧਕ ਬਣਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ, ਜਿਸ ਕਾਰਨ ਉਹ ਗਰਭਵਤੀ ਹੋ ਗਈ ਪੀੜਤਾ ਨੇ ਦੋਸ਼ ਲਾਇਆ ਕਿ ਕਰੀਬ ਤਿੰਨ ਮਹੀਨਿਆਂ ਤੋਂ ਉਸ ਦੇ ਦਿਓਰ ਨੇ ਉਸ ਨੂੰ ਕੋਈ ਫੋਨ ਨਹੀਂ ਦਿੱਤਾ, ਜਿਸ ਕਾਰਨ ਉਹ ਆਪਣੇ ਪਰਿਵਾਰ ਨਾਲ ਸੰਪਰਕ ਨਾ ਕਰ ਸਕੀ।
ਜਿਵੇਂ ਹੀ ਉਸ ਨੂੰ ਮੌਕਾ ਮਿਲਿਆ, ਉਸ ਨੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ, ਜਿਸ ਦੀ ਮਦਦ ਨਾਲ ਉਹ ਉਸ ਦੇ ਚੁੰਗਲ ਤੋਂ ਬਚੀ ਅਤੇ ਹਸਪਤਾਲ ’ਚ ਦਾਖ਼ਲ ਹੋਣ ’ਚ ਕਾਮਯਾਬ ਹੋ ਗਈ। ਹਸਪਤਾਲ ’ਚ ਡਾ. ਜਸਲੀਨ ਕੌਰ ਵੱਲੋਂ ਪੀੜਤਾ ਦੀ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਦਾ ਅਲਟਰਾਸਾਊਂਡ ਕਰਵਾਇਆ ਜਾਵੇਗਾ। ਸਬੰਧਿਤ ਪੁਲਸ ਸਟੇਸ਼ਨ ਦੀ ਪੁਲਸ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਨੇ ਕਿਹਾ ਕਿ ਔਰਤ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ ਹੈ ਅਤੇ ਉਸ ਦੇ ਦੋਸ਼ਾਂ ਦੇ ਆਧਾਰ ’ਤੇ ਅਤੇ ਮੈਡੀਕਲ ਰਿਪੋਰਟ ਮਿਲਣ ’ਤੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਦੇ ਦਿਓਰ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।
