ਵਿਜੀਲੈਂਸ ਨੇ ‘ਗੋਲਡਨ ਪ੍ਰਾਜੈਕਟਸ’ ਫਰਮ ਦੇ ਭਗੌੜੇ ਡਾਇਰੈਕਟਰ ਨੂੰ 20 ਸਾਲਾਂ ਮਗਰੋਂ ਕੀਤਾ ਗ੍ਰਿਫ਼ਤਾਰ

Sunday, Nov 20, 2022 - 04:11 PM (IST)

ਵਿਜੀਲੈਂਸ ਨੇ ‘ਗੋਲਡਨ ਪ੍ਰਾਜੈਕਟਸ’ ਫਰਮ ਦੇ ਭਗੌੜੇ ਡਾਇਰੈਕਟਰ ਨੂੰ 20 ਸਾਲਾਂ ਮਗਰੋਂ ਕੀਤਾ ਗ੍ਰਿਫ਼ਤਾਰ

ਮੋਹਾਲੀ (ਪਰਦੀਪ) : ਪੰਜਾਬ ਵਿਜੀਲੈਂਸ ਬਿਊਰੋ ਨੇ 2002 ਤੋਂ ਭਗੌੜੇ ਚੱਲੇ ਆ ਰਹੇ ‘ਗੋਲਡਨ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ’ ਝਰਮੜੀ, ਤਹਿਸੀਲ ਡੇਰਾਬੱਸੀ ਸਥਿਤ ਫਰਮ ਦੇ ਦੋਸ਼ੀ ਡਾਇਰੈਕਟਰਾਂ 'ਚੋਂ ਇੱਕ ਵਿਨੋਦ ਮਹਾਜਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਗੈਰ-ਬੈਂਕਿੰਗ ਵਿੱਤੀ ਸੰਸਥਾ ਨੂੰ 1996 'ਚ ਚਾਰ ਡਾਇਰੈਕਟਰਾਂ ਵੱਲੋਂ ਸਰਕਾਰ ਕੋਲ ਇੱਕ ਫਰਮ ਵਜੋਂ ਰਜਿਸਟਰ ਕਰਵਾਇਆ ਗਿਆ ਸੀ, ਜਿਸ 'ਚ ਪੰਚਕੂਲਾ ਤੋਂ ਰਾਕੇਸ਼ ਕਾਂਤ ਸਿਆਲ, ਉਨ੍ਹਾਂ ਦੀ ਪਤਨੀ ਬਿਮਲਾ ਸਿਆਲ, ਰੁਮਿਲਾ ਸਿਨਹਾ ਵਾਸੀ ਪੰਚਕੂਲਾ ਅਤੇ ਵਿਨੋਦ ਮਹਾਜਨ ਵਾਸੀ ਪਿੰਡ ਆਰਿਫਵਾਲਾ, ਕਪੂਰਥਲਾ, ਜੋ ਕਿ ਹੁਣ ਵਾਸੀ ਪੰਚਕੂਲਾ, ਸ਼ਾਮਲ ਹਨ। 

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਉਕਤ ਡਾਇਰੈਕਟਰਾਂ ਨੇ ਜ਼ਮੀਨ ਦੀ ਮਾਲਕੀ ਦੇਣ ਲਈ ਨਿਵੇਸ਼ਕਾਂ ਨੂੰ ਝਾਂਸਾ ਦੇ ਕੇ ਜ਼ਿਲ੍ਹਾ ਰੂਪਨਗਰ ਦੀ ਤਹਿਸੀਲ ਨੂਰਪੁਰ ਬੇਦੀ ਵਿਖੇ 530 ਏਕੜ ਵਾਹੀਯੋਗ ਜ਼ਮੀਨ ਖ਼ਰੀਦੀ ਸੀ। ਇਸ ਤੋਂ ਇਲਾਵਾ ਉਪਰੋਕਤ ਮੁਲਜ਼ਮਾਂ ਨੇ ਨਿਵੇਸ਼ਕਾਂ ਤੋਂ ਵਸੂਲੇ ਗਏ ਪੈਸਿਆਂ ਦੇ ਬਦਲੇ ਉਨ੍ਹਾਂ ਨੂੰ ਚੋਖਾ ਪੈਸਾ ਦੇਣ ਦਾ ਭਰੋਸਾ ਵੀ ਦਿੱਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਦੋਸ਼ੀ ਡਾਇਰੈਕਟਰਾਂ ਨੇ ਉਕਤ ਜ਼ਮੀਨ ਦਾ ਨਾ ਵਿਕਾਸ ਕੀਤਾ ਅਤੇ ਨਾ ਹੀ ਨਿਵੇਸ਼ਕਾਂ ਨੂੰ ਮਾਲਕੀ ਦੇ ਅਧਿਕਾਰ ਦਿੱਤੇ। ਇਸ ਤੋਂ ਇਲਾਵਾ, ਨਿਵੇਸ਼ਕਾਂ ਨੂੰ ਉਨ੍ਹਾਂ ਦੇ ਨਾਲ ਹੋਏ ਸਮਝੌਤਿਆਂ 'ਚ ਯਕੀਨੀ ਤੌਰ ’ਤੇ ਪੋਸਟ ਡੇਟਿਡ ਚੈੱਕ ਵੀ ਨਹੀਂ ਦਿੱਤੇ ਗਏ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬੰਧ 'ਚ ਉਕਤ ਕੰਪਨੀ ਦੇ ਚਾਰਾਂ ਡਾਇਰੈਕਟਰਾਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 406, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7(2), 13(1), 13(2) ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਕੇਸ ਦਰਜ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਵਿਨੋਦ ਮਹਾਜਨ ਨੂੰ ਅਦਾਲਤ ਵੱਲੋਂ ਸਾਲ 2002 'ਚ ਭਗੌੜਾ ਕਰਾਰ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਹੀ ਉਹ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
 


author

Babita

Content Editor

Related News