24 ਸਾਲਾਂ ਤੋਂ ਭਗੌੜਾ ਚੌਂਕੀਦਾਰ ਕਤਲ ਮਾਮਲੇ ਦਾ ਮੁਲਜ਼ਮ ਕਾਬੂ
Saturday, Feb 21, 2026 - 11:58 AM (IST)
ਮੋਹਾਲੀ (ਜੱਸੀ) : ਮੋਹਾਲੀ ਪੁਲਸ ਨੇ ਫੈਕਟਰੀ ਦੇ ਚੌਂਕੀਦਾਰ ਦੇ ਕਤਲ ਮਾਮਲੇ ’ਚ ਕਰੀਬ 24 ਸਾਲਾਂ ਤੋਂ ਭਗੌੜੇ ਚਲ ਰਹੇ ਮੁਲਜ਼ਮ ਸਰਵਣ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਅਨੁਸਾਰ ਇਹ ਕਾਰਵਾਈ ਭਗੌੜੇ ਅਪਰਾਧੀਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਐੱਸ. ਪੀ. ਸੌਰਵ ਜਿੰਦਲ ਤੇ ਡੀ. ਐੱਸ. ਪੀ. ਅਜੀਤਪਾਲ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਪੁਲਸ ਬੁਲਾਰੇ ਨੇ ਦੱਸਿਆ ਕਿ ਸਰਵਣ ਕੁਮਾਰ ਵਾਸੀ ਪਿੰਡ ਭਿਰਡਾਨਾ, ਜ਼ਿਲ੍ਹਾ ਫ਼ਤਿਹਾਬਾਦ (ਹਰਿਆਣਾ) ਨੂੰ 18 ਫਰਵਰੀ ਨੂੰ ਉਸ ਦੇ ਪਿੰਡ ਤੋਂ ਕਾਬੂ ਕੀਤਾ ਗਿਆ। ਉਸ ਨੂੰ 16 ਅਗਸਤ 2003 ਨੂੰ ਧਾਰਾ 82 ਤੇ 83 ਸੀ. ਆਰ. ਪੀ. ਸੀ. ਤਹਿਤ ਭਗੌੜਾ ਘੋਸ਼ਿਤ ਕੀਤਾ ਗਿਆ ਸੀ ਅਤੇ ਉਸ ਦੇ ਖ਼ਿਲਾਫ਼ ਥਾਣਾ ਫੇਜ਼-1 ’ਚ ਧਾਰਾ 460 ਤਹਿਤ ਮਾਮਲਾ ਦਰਜ ਹੈ।
ਜਾਂਚ ਅਨੁਸਾਰ 7/8 ਮਈ 2003 ਦੀ ਦਰਮਿਆਨੀ ਰਾਤ ਨੂੰ ਮੁਲਜ਼ਮ ਨੇ ਇੰਡਸਟਰੀਅਲ ਏਰੀਆ ਫੇਜ਼-8 ਸਥਿਤ ਇਕ ਫੈਕਟਰੀ ’ਚ ਸ਼ੀਸ਼ਾ ਤੋੜ ਕੇ ਦਾਖ਼ਲ ਹੋ ਕੇ ਚੌਂਕੀਦਾਰ ਦੀਨਾ ਨਾਥ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਵਾਰਦਾਤ ਤੋਂ ਬਾਅਦ ਉਸ ਨੇ ਫੈਕਟਰੀ ’ਚੋਂ ਕੁਝ ਨਕਦੀ ਵੀ ਚੁੱਕ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਪੜਤਾਲ ’ਚ ਸਾਹਮਣੇ ਆਇਆ ਕਿ ਸਰਵਣ ਕੁਮਾਰ ਪਹਿਲਾਂ ਉਸੇ ਫੈਕਟਰੀ ’ਚ ਚੌਕੀਦਾਰ ਵਜੋਂ ਕੰਮ ਕਰਦਾ ਸੀ। ਮ੍ਰਿਤਕ ਵੱਲੋਂ ਮਾਲਕਾਂ ਨੂੰ ਉਸ ਦੀ ਚੋਰੀ ਤੇ ਪੈਸਿਆਂ ਦੀ ਹੇਰਾਫੇਰੀ ਬਾਰੇ ਦੱਸਣ ’ਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇਸ ਰੰਜਿਸ਼ ਕਾਰਨ ਉਸ ਨੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਸ ਅਨੁਸਾਰ ਮੁਲਜ਼ਮ ਕਈ ਸਾਲਾਂ ਤੱਕ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ’ਚ ਥਾਂ ਬਦਲਦਾ ਰਿਹਾ ਅਤੇ ਗੁੜਗਾਂਉ ’ਚ ਪੇਂਟਿੰਗ ਦਾ ਕੰਮ ਕਰਦਾ ਸੀ। ਹਾਲ ਹੀ ’ਚ ਉਹ ਆਪਣੇ ਪਿੰਡ ਆਇਆ ਤਾਂ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਹੋਰ ਪੁੱਛਗਿੱਛ ਜਾਰੀ ਹੈ।
