ਸਿਹਤ ਵਿਭਾਗ ਨੇ 16 ਮਹੀਨਿਆਂ 'ਚ ਜ਼ਬਤ ਕੀਤਾ 4.5 ਕਰੋੜ ਦਾ ਨਸ਼ਾ

07/24/2019 6:26:29 PM

ਅੰਮ੍ਰਿਤਸਰ,(ਦਲਜੀਤ): ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਨੂੰ ਸਿਹਤ ਵਿਭਾਗ ਸਾਰਥਿਕ ਕਰ ਕੇ ਦਿਖਾ ਰਿਹਾ ਹੈ। ਡਰੱਗ ਤੇ ਫੂਡ ਵਿਭਾਗ ਦੇ ਕਮਿਸ਼ਨਰ ਕਾਹਨ ਸਿੰਘ ਪੰਨੂ ਦੇ ਨਿਰਦੇਸ਼ਾਂ ਤਹਿਤ ਗਠਿਤ ਟੀਮਾਂ ਵਲੋਂ ਸੂਬੇ ਭਰ 'ਚ ਪਿਛਲੇ 16 ਮਹੀਨਿਆਂ ਦੌਰਾਨ ਵੱਖ-ਵੱਖ ਫਰਮਾਂ 'ਤੇ 13500 ਅਚਨਚੇਤ ਛਾਪੇ ਮਾਰਦਿਆਂ 4.5 ਕਰੋੜ ਦੀਆਂ ਨਸ਼ੇ ਵਾਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਹਨ। ਵਿਭਾਗ ਵਲੋਂ ਇਸ ਦੌਰਾਨ 1414 ਫਰਮਾਂ ਦੇ ਜਿਥੇ ਲਾਇਸੈਂਸ ਰੱਦ ਕੀਤੇ ਗਏ ਹਨ, ਉਥੇ ਹੀ 1278 ਲਾਇਸੈਂਸ ਆਮ ਉਲੰਘਣਾ ਤਹਿਤ ਅਤੇ 136 ਲਾਇਸੈਂਸ ਆਦਤ ਪਾਉਣ ਵਾਲੀਆਂ ਦਵਾਈਆਂ ਵੇਚਣ ਵਾਲਿਆਂ ਦੇ ਵੀ ਮੁਅੱਤਲ ਕੀਤੇ ਗਏ ਹਨ। ਇਸ ਤਰ੍ਹਾਂ ਕੁੱਲ 2828 ਫਰਮਾਂ ਦੇ ਲਾਈਸੈਂਸ ਸਿਹਤ ਵਿਭਾਗ ਵਲੋਂ ਰੱਦ ਕੀਤੇ ਗਏ ਹਨ।

ਸਿਹਤ ਵਿਭਾਗ ਤੋਂ ਮਿਲੇ ਅੰਕੜਿਆਂ ਅਨੁਸਾਰ ਉਕਤ ਸਮੇਂ ਦੌਰਾਨ ਕੀਤੀ ਗਈ ਕਾਰਵਾਈ 'ਚ ਡਰੱਗ ਅਤੇ ਕਾਸਮੈਟਿਕ ਐਕਟ ਦੀ ਉਲੰਘਣਾ ਕਰਨ 'ਤੇ ਪੰਜਾਬ ਭਰ 'ਚ 171 ਫਰਮਾਂ ਖਿਲਾਫ ਮੁਕੱਦਮਾ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ। ਜਿਨ੍ਹਾਂ 'ਚੋਂ 139 ਕੇਸ ਪੰਜਾਬ ਦੀਆਂ ਵੱਖ-ਵੱਖ ਅਦਾਲਤਾਂ 'ਚ ਚੱਲ ਰਹੇ ਹਨ। ਅਦਾਲਤਾਂ ਵਲੋਂ ਹੁਣ ਤੱਕ 77 ਵਿਅਕਤੀਆਂ ਨੂੰ 3 ਤੋਂ 5 ਸਾਲ ਤੱਕ ਦੀ ਕੈਦ ਦੇ ਨਾਲ-ਨਾਲ ਜੁਰਮਾਨਾ ਵੀ ਕੀਤਾ ਗਿਆ ਹੈ ਅਤੇ 14 ਅਜਿਹੇ ਦੋਸ਼ੀ ਪਾਏ ਗਏ ਹਨ, ਜੋ ਅਦਾਲਤਾਂ ਵਲੋਂ ਭਗੌੜੇ ਐਲਾਨੇ ਗਏ ਹਨ। ਡਰੱਗ ਤੇ ਫੂਡ ਵਿਭਾਗ ਦੇ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਜਦੋਂ ਦਾ ਉਕਤ ਵਿਭਾਗ ਦਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਸੂਬੇ 'ਚ 38 ਡਰੱਗ ਇੰਸਪੈਕਟਰ ਅਤੇ 6 ਜ਼ੋਨਲ ਲਾਇਸੈਂਸ ਅਥਾਰਟੀ 'ਚ ਸ਼ਾਮਿਲ ਅਧਿਕਾਰੀ ਆਪੋ-ਆਪਣੇ ਖੇਤਰ 'ਚ ਮਿਲਾਵਟੀ/ਘਟੀਆ ਦਰਜੇ ਦੀਆਂ ਦਵਾਈਆਂ ਦੀ ਵਿਕਰੀ ਰੋਕਣ ਅਤੇ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਗੈਰ-ਕਾਨੂੰਨੀ ਭੰਡਾਰ 'ਤੇ ਕਾਰਵਾਈ ਕਰ ਰਹੇ ਹਨ।

ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਧਿਕਾਰੀਆਂ ਅਤੇ ਡਰੱਗ ਇੰਸਪੈਕਟਰਾਂ ਨੂੰ ਸਪੱਸ਼ਟ ਹੁਕਮ ਦਿੱਤੇ ਗਏ ਹਨ ਕਿ ਨਸ਼ਾ ਵੇਚਣ ਵਾਲੇ ਅਤੇ ਡਰੱਗ ਐਂਡ ਕੋਸਮੈਟਿਕ ਐਕਟ ਦੀ ਉਲੰਘਣਾ ਕਰਨ ਵਾਲੀਆ ਫਰਮਾਂ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਵੇ। ਵਿਭਾਗ ਦੀਆਂ ਟੀਮਾਂ ਸੂਬੇ ਭਰ ਵਿਚ ਲਗਾਤਾਰ ਛਾਪੇਮਾਰੀ ਕਰ ਰਹੀਆ ਹਨ। ਪੰਨੂ ਨੇ ਦੱਸਿਆ ਕਿ 16 ਮਹੀਨਿਆਂ ਦੀ ਛਾਪੇਮਾਰੀ ਦੌਰਾਨ 11 ਨਮੂਨੇ ਮਿਸ ਬਰੈਡਿਡ ਅਤੇ 2003 ਨਮੂਨੇ ਘਟੀਆ ਦਰਜੇ ਦੇ ਪਾਏ ਗਏ ਹਨ। ਪੰਜਾਬ ਸਰਕਾਰ ਵਲੋਂ ਨਸ਼ਿਆ ਖਿਲਾਫ ਚਲਾਈ ਮੁਹਿੰਮ ਨੂੰ ਸਾਰਥਿਕ ਸਾਬਿਤ ਕਰਨ ਦੇ ਲਈ ਫੂਡ ਅਤੇ ਡਰੱਗ ਵਿਭਾਗ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ। ਪੰਨੂ ਨੇ ਦੱਸਿਆ ਕਿ ਸਮਾਜ ਵਿਚ ਕਾਲੀਆਂ ਭੇਂਡਾਂ ਨੂੰ ਫੜਨ ਦੇ ਲਈ ਵਿਭਾਗ ਵਲੋਂ ਹੈਲਪਲਾਈਨ ਨੰਬਰ 98152-06006 ਅਤੇ ਈਮੇਲ ਆਈਡੀ punjabdrugscontrolorg00gmail.com ਜਾਰੀ ਕੀਤੀ ਗਈ ਹੈ, ਜਿਸ 'ਚ ਆਮ ਜਨਤਾ ਜਾਗਰੂਕ ਹੋ ਕੇ ਨਸ਼ਾ ਵੇਚਣ ਵਾਲੀਆ ਫਰਮਾਂ ਦੀ ਵੱਡੇ ਪੱਧਰ 'ਤੇ ਵਿਭਾਗ ਨੂੰ ਸੂਚਨਾ ਦੇ ਰਹੀਆਂ ਹਨ।


Related News