ਡੇਂਗੂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਿਹਤ ਵਿਭਾਗ ਵਲੋਂ ਜਾਂਚ ’ਤੇ ਜਾਗਰੂਕਤਾ ਮੁਹਿੰਮ ਜਾਰੀ

04/20/2024 2:09:03 PM

ਮੋਹਾਲੀ (ਨਿਆਮੀਆਂ) : ਬੱਕਰੀ ਦਾ ਦੁੱਧ, ਕੀਵੀ ਫਲ ਜਾਂ ਨਾਰੀਅਲ ਪਾਣੀ ਵਿਸ਼ੇਸ਼ ਤੌਰ ’ਤੇ ਪਲੇਟਲੈੱਟਸ ਵਧਾਉਣ ਵਿਚ ਸਹਾਈ ਨਹੀਂ ਹੁੰਦੇ। ਮਰੀਜ਼ ਤਰਲ ਪਦਾਰਥਾਂ ਜਿਵੇਂ ਪਾਣੀ, ਜੂਸ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰਨ। ਨਾਲ ਹੀ ਮਰੀਜ਼ ਨੂੰ ਆਰਾਮ ਕਰਨ ਦੀ ਵੀ ਲੋੜ ਹੈ। ਕੋਈ ਵੀ ਜਾਣਕਾਰੀ ਲੈਣ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਅਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਸੁਭਾਸ਼ ਕੁਮਾਰ ਨੇ ਸ਼ੁੱਕਰਵਾਰ ਨੂੰ ਦਿੱਤੀ। ਮੱਛਰ ਦੀ ਪੈਦਾਇਸ਼ ਦੇ ਚਾਲੂ ਮੌਸਮ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਅਤੇ ਆਲੇ-ਦੁਆਲੇ ਕਿਤੇ ਵੀ ਪਾਣੀ ਜਮ੍ਹਾਂ ਨਾ ਹੋਣ ਦੇਣ।
ਬਚਾਅ ਲਈ ਜਾਗਰੂਕ ਹੋਣ ਅਤੇ ਸਾਵਧਾਨੀਆਂ ਵਰਤਣ ਦੀ ਲੋੜ
ਡੇਂਗੂ ਤੋਂ ਬਚਾਅ ਲਈ ਜਾਗਰੂਕ ਹੋਣ ਅਤੇ ਸਾਵਧਾਨੀਆਂ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਕਰ ਕੇ ਡੇਂਗੂ ਹੋ ਜਾਂਦਾ ਹੈ, ਜੋ ਕਾਫ਼ੀ ਖ਼ਤਰਨਾਕ ਹੈ। ਵਿਅਕਤੀ ਦੀ ਜਾਨ ਵੀ ਲੈ ਸਕਦਾ ਹੈ। ਇਹ ਮੱਛਰ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਬਿਮਾਰੀ ਤੋਂ ਬਚਾਉਣ ਅਤੇ ਫੈਲਾਅ ਨੂੰ ਰੋਕਣ ਲਈ ਪੂਰੀ ਤਰ੍ਹਾਂ ਡਟੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਿਹਤ ਬਲਾਕਾਂ ਅਧੀਨ ਪੈਂਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਜਾਂਚ ’ਤੇ ਜਾਗਰੂਕਤਾ ਮੁਹਿੰਮ ਜੰਗੀ ਪੱਧਰ ’ਤੇ ਚੱਲ ਰਹੀ ਹੈ। ਉਨ੍ਹਾਂ ਨੇ ਆਖਿਆ ਕਿ ਜੇ ਡੇਂਗੂ ਬੁਖ਼ਾਰ ਹੋ ਜਾਂਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ। ਮਰੀਜ਼ ਨੂੰ ਸਰਕਾਰੀ ਸਿਹਤ ਸੰਸਥਾ ਵਿਚ ਲਿਆਂਦਾ ਜਾਵੇ, ਜਿਥੇ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਹੈ। ਆਮ ਤੌਰ ’ਤੇ ਹਰ ਕਿਸਮ ਦੇ ਬੁਖ਼ਾਰ ਦੌਰਾਨ ਸਰੀਰ ਵਿਚਲੇ ਪਲੇਟਲੈੱਟਸ ਘੱਟ ਜਾਂਦੇ ਹਨ।
ਇਹ ਹਨ ਡੇਂਗੂ ਬੁਖ਼ਾਰ ਦੇ ਲੱਛਣ
ਸਿਵਲ ਸਰਜਨ ਨੇ ਦੱਸਿਆ ਕਿ ਡੇਂਗੂ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਸ਼ਾਮਲ ਹਨ। ਡੇਂਗੂ ਫੈਲਾਉਣ ਵਾਲੇ ਮੱਛਰ ਖੜ੍ਹੇ ਸਾਫ਼ ਪਾਣੀ ਵਿਚ ਪਲਦੇ ਹਨ, ਜਿਵੇਂ ਕੂਲਰਾਂ, ਪਾਣੀ ਦੀਆਂ ਟੈਂਕੀਆਂ, ਗਮਲਿਆਂ, ਫ਼ਰਿੱਜਾਂ ਪਿੱਛੇ ਲੱਗੀ ਟਰੇਅ, ਟੁੱਟੇ-ਭੱਜੇ ਭਾਂਡਿਆਂ, ਖ਼ਾਲੀ ਪਏ ਟਾਇਰਾਂ ਅਤੇ ਪਾਣੀ ਵਾਲੇ ਢੋਲਾਂ ਆਦਿ ਵਿਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ।
 


Babita

Content Editor

Related News