ਕੇਂਦਰੀ ਜੇਲ੍ਹ ’ਚੋਂ ਮਿਲੀਆਂ ਇਤਰਾਜ਼ਯੋਗ ਵਸਤੂਆਂ,16 ਮੋਬਾਈਲ ਫੋਨ, 7 ਚਾਰਜਰ ਤੇ ਹੋਰ ਸਾਮਾਨ ਬਰਾਮਦ

Saturday, Apr 20, 2024 - 02:50 PM (IST)

ਅੰਮ੍ਰਿਤਸਰ (ਸੰਜੀਵ)- ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਤੋਂ ਇਤਰਾਜ਼ਯੋਗ ਵਸਤੂਆਂ ਮਿਲਣ ਤੋਂ ਬਾਅਦ ਹੁਣ ਅਧਿਕਾਰੀਆਂ ਨੇ ਜੇਲ੍ਹ ਦੀ ਚਾਰਦੀਵਾਰੀ ਵਿਚ ਲਾਵਾਰਿਸ ਹਾਲਾਤ ਵਿਚ ਪਈਆਂ ਇਤਰਾਜ਼ਯੋਗ ਵਸਤੂਆਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਹੈਰਾਨੀਜਨਕ ਪਹਿਲੂ ਇਹ ਹੈ ਕਿ ਜਿਨ੍ਹਾਂ ਗੁਪਤ ਰਸਤਿਆਂ ਰਾਹੀਂ ਇਹ ਭਾਰੀ ਮਾਤਰਾ ਵਿਚ ਸਾਮਾਨ ਜੇਲ੍ਹ ਦੇ ਅੰਦਰ ਲਿਆਂਦਾ ਜਾ ਰਿਹਾ ਹੈ, ਉਨ੍ਹਾਂ ਰਸਤਿਆਂ ਦੀ ਹਾਲੇ ਤੱਕ ਨਿਸ਼ਾਨਦੇਹੀ ਨਹੀਂ ਹੋ ਸਕੀ ਹੈ। ਦੇਰ ਰਾਤ ਅਚਨਚੇਤ ਨਿਰੀਖਣ ਦੌਰਾਨ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਕੰਪਲੈਕਸ ਵਿੱਚੋਂ 16 ਮੋਬਾਈਲ ਫ਼ੋਨ, 7 ਚਾਰਜਰ, 2 ਡਾਟਾ ਕੇਬਲ, 1 ਏਅਰ ਫ਼ੋਨ ਅਤੇ 30 ਬੰਡਲ ਬੀੜੀਆਂ ਬਰਾਮਦ ਕੀਤੀਆਂ। ਫਿਲਹਾਲ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਸਾਰੀਆਂ ਵਸਤੂਆਂ ਨੂੰ ਕਬਜ਼ੇ ਵਿਚ ਲੈ ਕੇ ਵਧੀਕ ਜੇਲ ਸੁਪਰਡੈਂਟ ਅਜਮੇਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪਤੀ ਨੇ ਜ਼ਿਊਂਦੀ ਸਾੜ ਦਿੱਤੀ ਗਰਭਵਤੀ ਪਤਨੀ

ਜ਼ਿਕਰਯੋਗ ਹੈ ਕਿ ਪਿਛਲੇ ਛੇ ਮਹੀਨਿਆਂ ਤੋਂ ਲਗਾਤਾਰ ਕੈਦੀਆਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿਚ ਮੋਬਾਈਲ ਫ਼ੋਨ ਬਰਾਮਦ ਕੀਤੇ ਜਾ ਰਹੇ ਹਨ। ਦੇਰ ਰਾਤ ਵੱਡੀ ਮਾਤਰਾ ਵਿਚ ਲਾਵਾਰਿਸ ਮੋਬਾਈਲ ਫੋਨਾਂ ਦਾ ਮਿਲਣਾ ਕਿਤੇ ਨਾ ਕਿਤੇ ਜੇਲ੍ਹ ਦੀ ਸੁਰੱਖਿਆ ਵਿਚ ਅਣਗਹਿਲੀ ਵੱਲ ਇਸ਼ਾਰਾ ਕਰਦਾ ਹੈ। ਤਿੰਨ-ਪੱਧਰੀ ਸੁਰੱਖਿਆ ਦੇ ਚੱਕਰ ਨੂੰ ਤੋੜ ਕੇ ਅਜਿਹੀ ਇਤਰਾਜ਼ਯੋਗ ਸਮੱਗਰੀ ਲੈ ਕੇ ਜੇਲ੍ਹ ਦੀ ਚਾਰਦੀਵਾਰੀ ਤੱਕ ਪਹੁੰਚਣਾ ਵੀ ਕਿਤੇ ਨਾ ਕਿਤੇ ਕਾਲੀਆਂ ਭੇਡਾਂ ਦੀ ਮਿਲੀਭੁਗਤ ਨੂੰ ਦਰਸਾਉਂਦਾ ਹੈ। ਹਾਲ ਹੀ ਵਿਚ ਜੇਲ੍ਹ ਪ੍ਰਸ਼ਾਸਨ ਨੇ ਡਿਊਟੀ ’ਤੇ ਮੌਜੂਦ ਇਕ ਮੁਲਾਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਫਿਲਹਾਲ ਉਸ ਕੋਲੋਂ ਪੁੱਛਗਿੱਛ ਵਿਚ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ ਹੈ, ਜਿਸ ਨਾਲ ਉਸ ਵਿਅਕਤੀ ਦੀ ਪਛਾਣ ਹੋ ਸਕੇ, ਜੋ ਜੇਲ੍ਹ ਦੇ ਅੰਦਰੋਂ ਮਿਲੀਆਂ ਇਤਰਾਜ਼ਯੋਗ ਚੀਜ਼ਾਂ ਨੂੰ ਲੈ ਕੇ ਆਇਆ ਸੀ। ਇਹ ਵੱਡਾ ਸਵਾਲ ਹੈ ਕਿ ਲੰਮੇ ਸਮੇਂ ਤੋਂ ਜੇਲ੍ਹ ਅਫਸਰਾਂ ਦੇ ਹੱਥ ਉਸ ਮੁਲਜ਼ਮਾਂ ਤੱਕ ਨਹੀਂ ਪੁੱਜ ਰਹੇ ਜੋ ਉਨ੍ਹਾਂ ਦੇ ਸੁਰੱਖਿਆ ਚੱਕਰ ਨੂੰ ਲਗਾਤਾਰ ਤੋੜ ਰਹੇ ਹਨ।

ਇਹ ਵੀ ਪੜ੍ਹੋ- ਤੇਜ਼ ਹਨੇਰੀ ਕਾਰਨ ਦੁੱਬਈ ਕਾਰਨੀਵਾਲ 'ਚ ਨੌਜਵਾਨ 'ਤੇ ਡਿੱਗਾ ਆਈਫਿਲ ਟਾਵਰ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Shivani Bassan

Content Editor

Related News