RBI ਨੇ ਤਿੰਨ ਮਹੀਨਿਆਂ ''ਚ ਖਰੀਦਿਆ 19 ਟਨ ਸੋਨਾ, WGC ਦੀ ਰਿਪੋਰਟ ''ਚ ਹੋਇਆ ਖ਼ੁਲਾਸਾ

Wednesday, May 01, 2024 - 01:19 PM (IST)

RBI ਨੇ ਤਿੰਨ ਮਹੀਨਿਆਂ ''ਚ ਖਰੀਦਿਆ 19 ਟਨ ਸੋਨਾ, WGC ਦੀ ਰਿਪੋਰਟ ''ਚ ਹੋਇਆ ਖ਼ੁਲਾਸਾ

ਬਿਜ਼ਨੈੱਸ ਡੈਸਕ : ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਸੋਨੇ ਦੀ ਖਰੀਦਦਾਰੀ ਤੇਜ਼ੀ ਨਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਵਿਸ਼ਵ ਗੋਲਡ ਕਾਉਂਸਿਲ (WGC) ਦੀ ਇੱਕ ਰਿਪੋਰਟ ਦੇ ਅਨੁਸਾਰ RBI ਨੇ 2024 ਦੀ ਪਹਿਲੀ ਤਿਮਾਹੀ (Q1-CY24/Q4-FY24) ਵਿੱਚ 19 ਟਨ ਸੋਨੇ ਦੀ ਖਰੀਦਦਾਰੀ ਕੀਤੀ ਹੈ। ਇਹ 2023 'ਚ ਪੂਰੇ ਸਾਲ 'ਚ ਖਰੀਦੇ ਗਏ 16 ਟਨ ਤੋਂ ਜ਼ਿਆਦਾ ਸੋਨਾ ਹੈ।

ਦੱਸ ਦੇਈਏ ਕਿ ਸਾਲ 2022 ਅਤੇ 2023 ਵਿੱਚ ਕੇਂਦਰੀ ਬੈਂਕਾਂ ਨੇ ਵਿਸ਼ਵ ਪੱਧਰ 'ਤੇ ਸੋਨੇ ਦੀ ਖਰੀਦਦਾਰੀ ਨੂੰ ਵਧਾ ਕੇ ਪ੍ਰਤੀ ਸਾਲ 1,000 ਟਨ ਤੋਂ ਵੱਧ ਕਰ ਦਿੱਤਾ ਸੀ। WGC ਅਨੁਸਾਰ ਬਾਜ਼ਾਰ ਹੁਣ ਸੋਨੇ ਦੀ ਮੰਗ ਵਿੱਚ ਕੇਂਦਰੀ ਬੈਂਕਾਂ ਦੇ ਯੋਗਦਾਨ ਦੀ ਕਦਰ ਕਰ ਰਿਹਾ ਹੈ। ਦੁਨੀਆ ਭਰ ਦੇ ਕੇਂਦਰੀ ਬੈਂਕ ਲਗਾਤਾਰ ਸੋਨਾ ਖਰੀਦ ਰਹੇ ਹਨ ਅਤੇ ਇਹ ਰੁਝਾਨ ਜਾਰੀ ਰਹਿਣ ਦੀ ਉਮੀਦ ਹੈ।

ਵਿਸ਼ਵ ਗੋਲਡ ਕਾਉਂਸਿਲ (WGC) ਦੀ ਰਿਪੋਰਟ ਅਨੁਸਾਰ ਪਿਛਲੇ ਦੋ ਸਾਲਾਂ ਵਿੱਚ ਕੇਂਦਰੀ ਬੈਂਕਾਂ ਦੁਆਰਾ ਸਾਲਾਨਾ ਸੋਨੇ ਦੀ ਮੰਗ ਦਾ ਇੱਕ ਚੌਥਾਈ ਹਿੱਸਾ ਖਰੀਦਿਆ ਗਿਆ ਸੀ। ਕੇਂਦਰੀ ਬੈਂਕਾਂ ਦੁਆਰਾ ਸੋਨੇ ਦੀ ਲਗਾਤਾਰ ਵੱਧ ਰਹੀ ਖਰੀਦ ਸੋਨੇ ਦੀ ਕੁੱਲ ਮੰਗ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਮਹਿੰਗਾਈ ਅਤੇ ਅਮਰੀਕੀ ਡਾਲਰ ਦੀ ਮਜ਼ਬੂਤੀ ਸੋਨੇ ਦੀ ਕੀਮਤ ਨੂੰ ਵਧਾਉਣ ਵਿੱਚ ਮਦਦ ਕਰ ਰਹੀ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ 2024 ਵਿੱਚ ਕਈ ਦੇਸ਼ਾਂ ਵਿੱਚ ਚੋਣਾਂ ਅਤੇ ਵਧਦੇ ਗਲੋਬਲ ਤਣਾਅ ਸੋਨੇ ਦੀਆਂ ਕੀਮਤਾਂ ਨੂੰ ਉੱਚਾ ਕਰ ਸਕਦੇ ਹਨ।

ਵਿਸ਼ਵ ਗੋਲਡ ਕੌਂਸਲ (WGC) ਅਨੁਸਾਰ ਬੈਂਕ ਵਿਸ਼ੇਸ਼ ਤੌਰ 'ਤੇ ਉਭਰਦੇ ਬਾਜ਼ਾਰਾਂ ਵਿੱਚ ਸੋਨੇ ਦੀ ਖਰੀਦਦਾਰੀ ਕਰਨ ਵਿਚ ਸਭ ਤੋਂ ਅੱਗੇ ਹਨ। ਇਕੱਲੇ ਮਾਰਚ 2024 ਦੀ ਤਿਮਾਹੀ ਵਿੱਚ ਹੀ 10 ਕੇਂਦਰੀ ਬੈਂਕਾਂ ਨੇ ਆਪਣੇ ਸੋਨੇ ਦੇ ਭੰਡਾਰ ਵਿੱਚ ਇੱਕ ਟਨ ਜਾਂ ਇਸ ਤੋਂ ਵੱਧ ਦਾ ਵਾਧਾ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਸਾਰੇ ਬੈਂਕ ਪਿਛਲੀਆਂ ਕੁਝ ਤਿਮਾਹੀਆਂ 'ਚ ਵੀ ਸੋਨਾ ਖਰੀਦ ਰਹੇ ਸਨ। ਮਾਰਚ 2024 ਤਿਮਾਹੀ ਵਿੱਚ ਕੇਂਦਰੀ ਬੈਂਕਾਂ ਦੀ ਕੁੱਲ ਸੋਨੇ ਦੀ ਮੰਗ 290 ਟਨ ਸੀ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਨਾਲੋਂ 1 ਫ਼ੀਸਦੀ ਵੱਧ ਹੈ।

ਦੁਨੀਆਂ ਸੋਨੇ ਵੱਲ ਮੁੜ ਰਹੀ ਹੈ। ਚੀਨ ਦਾ ਕੇਂਦਰੀ ਬੈਂਕ ਪੀਪਲਜ਼ ਬੈਂਕ ਆਫ ਚਾਈਨਾ (ਪੀਬੀਓਸੀ) ਲਗਾਤਾਰ 17 ਮਹੀਨਿਆਂ ਤੋਂ ਸੋਨਾ ਖਰੀਦ ਰਿਹਾ ਹੈ। ਉਨ੍ਹਾਂ ਨੇ ਮਾਰਚ 2024 ਤਿਮਾਹੀ ਵਿੱਚ ਆਪਣੇ ਭੰਡਾਰ ਵਿੱਚ 27 ਟਨ ਸੋਨਾ ਵੀ ਜੋੜਿਆ, ਜਿਸ ਨਾਲ ਕੁੱਲ ਭੰਡਾਰ 16% ਵਧ ਕੇ 2,262 ਟਨ ਹੋ ਗਿਆ। 


author

rajwinder kaur

Content Editor

Related News