ਫੂਡ ਸਪਲਾਈ ਵਿਭਾਗ ਦੀ ਵੱਡੀ ਕਾਰਵਾਈ, ਰੇਹੜੀਆਂ ਅਤੇ ਰੈਸਟੋਰੈਂਟਾ ’ਤੇ ਛਾਪੇਮਾਰੀ ''ਚ 30 ਤੋਂ ਵੱਧ ਸਿਲੰਡਰ ਜ਼ਬਤ
Friday, May 03, 2024 - 10:44 AM (IST)
ਅੰਮ੍ਰਿਤਸਰ(ਇੰਦਰਜੀਤ)- ਜ਼ਿਲ੍ਹਾ ਖੁਰਾਕ ਸਪਲਾਈ ਵਿਭਾਗ ਨੇ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ’ਤੇ ਸਖ਼ਤ ਰੁਖ ਅਖਤਿਆਰ ਕਰਦੇ ਹੋਏ ਜੰਡਿਆਲਾ ਰੇਂਜ ਵਿਚ ਕਈ ਥਾਵਾਂ ’ਤੇ ਛਾਪੇਮਾਰੀ ਕਰ ਕੇ ਮਹਿਜ਼ 3 ਤੋਂ 4 ਘੰਟਿਆਂ ਦੀ ਕਾਰਵਾਈ ਦੌਰਾਨ 30 ਤੋਂ ਵੱਧ ਗੈਰ-ਕਾਨੂੰਨੀ ਤੌਰ ’ਤੇ ਵਰਤੇ ਜਾ ਰਹੇ ਸਿਲੰਡਰ ਮਿਲੇ, ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਫੂਡ ਸਪਲਾਈ ਵਿਭਾਗ ਦੀ ਟੀਮ ਵਲੋਂ ਅਚਨਚੇਤ ਛਾਪੇਮਾਰੀ ਨਾਲ ਪੂਰੇ ਇਲਾਕੇ ਵਿਚ ਹੜਕੰਪ ਦੀ ਸਥਿਤੀ ਪੈਂਦਾ ਹੋ ਗਈ। ਕਈ ਲੋਕ ਆਪਣੀਆਂ ਰੇਹੜੀਆਂ, ਦੁਕਾਨਾਂ ਛੱਡ ਕੇ ਭੱਜ ਗਏ ਅਤੇ ਕਈਆਂ ਨੇ ਸਿਲੰਡਰ ਉਥੋਂ ਲੁਕਾਉਣੇ ਵੀ ਸ਼ੁਰੂ ਕਰ ਦਿੱਤੇ।
ਵਿਭਾਗ ਨੂੰ ਜਾਣਕਾਰੀ ਮਿਲ ਰਹੀ ਸੀ ਕਿ ਇਸ ਖੇਤਰ ਵਿਚ ਵੱਡੀ ਗਿਣਤੀ ਵਿਚ ਅਜਿਹੇ ਲੋਕ ਮੌਜੂਦ ਹਨ ਜੋ ਘਰੇਲੂ ਸਿਲੰਡਰਾਂ ਦੀ ਦੁਰਵਰਤੋਂ ਕਰਦੇ ਹਨ ਅਤੇ ਇਸ ਨਾਲ ਦੋ ਨੁਕਸਾਨ ਹੋ ਸਕਦੇ ਹਨ। ਸਭ ਤੋਂ ਪਹਿਲਾਂ, ਘਰੇਲੂ ਸਿਲੰਡਰ ਦੀ ਵਪਾਰਕ ਤੌਰ ’ਤੇ ਵਰਤੋਂ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਹ ਸੁਰੱਖਿਆ ਦੇ ਨਜ਼ਰੀਏ ਤੋਂ ਖ਼ਤਰਨਾਕ ਹੈ। ਦੂਸਰਾ, ਸਾਈਡ ਇਫੈਕਟ ਦੇ ਤੌਰ ’ਤੇ ਜੇਕਰ ਬਾਜ਼ਾਰਾਂ ਵਿਚ ਘਰੇਲੂ ਸਿਲੰਡਰ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਘਰਾਂ ਵਿਚ ਇਨ੍ਹਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਗੈਸ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਘਰੇਲੂ ਸਿਲੰਡਰ ਸਸਤੇ ਹੋਣ ਕਾਰਨ ਹਰ ਵਪਾਰਕ ਖਪਤਕਾਰ ਦੀ ਤਰਜੀਹ ‘ਲਾਲ-ਸਿਲੰਡਰ’ ਹੈ, ਇਸ ਸਬੰਧੀ ਕਾਰਵਾਈ ਕਰਨ ਲਈ ਅੰਮ੍ਰਿਤਸਰ ਦੇ ਜ਼ਿਲਾ ਖੁਰਾਕ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ ਨੇ ਵਧੀਕ ਜ਼ਿਲਾ ਖੁਰਾਕ ਸਪਲਾਈ ਅਫ਼ਸਰ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਅਤੇ ਜੰਡਿਆਲਾ ਰੇਂਜ ਵਿਚ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋ- ਰੁੱਸੀ ਪਤਨੀ ਨੂੰ ਘਰ ਲਿਜਾ ਰਿਹਾ ਸੀ ਨੌਜਵਾਨ, ਰਾਹ 'ਚ ਹੀ ਵਾਪਰ ਗਿਆ ਭਾਣਾ
ਜਾਣਕਾਰੀ ਦਿੰਦਿਆਂ ਵਧੀਕ ਫੂਡ ਸਪਲਾਈ ਅਫ਼ਸਰ ਉਮੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪਹਿਲੇ ਪੜਾਅ ਵਿਚ ਬਾਜ਼ਾਰਾਂ ਦਾ ਦੌਰਾ ਕੀਤਾ ਤਾਂ ਕਈ ਲੋਕ ਸ਼ਰੇਆਮ ਗੈਸ ਸਿਲੰਡਰਾਂ ਦੀ ਗੈਰ-ਕਾਨੂੰਨੀ ਢੰਗ ਨਾਲ ਵਰਤੋਂ ਕਰ ਰਹੇ ਸਨ, ਜਿਸ ’ਤੇ ਟੀਮ ਨੇ ਕਾਰਵਾਈ ਕਰਦੇ ਹੋਏ ਕਈ ਲੋਕਾਂ ਦੇ ਸਿਲੰਡਰ ਜ਼ਬਤ ਕੀਤੇ। ਇਸ ਤੋਂ ਬਾਅਦ ਜੰਡਿਆਲਾ- ਤਰਨਤਾਰਨ ਬਾਈਪਾਸ, ਜੰਡਿਆਲਾ ਤੋਂ ਵੈਰੋਵਾਲ ਰੋਡ ’ਤੇ ਬਣੇ ਪੈਲੇਸਾਂ ਅਤੇ ਹੋਟਲਾਂ ਵਿਚ ਵੀ ਦਿੱਤੀ, ਤਾਂ ਉਥੇ ਵੀ ਕਈ ਬੇਨਿਯਮੀਆਂ ਪਾਈਆਂ ਗਈਆਂ।
10 ਸਾਲਾਂ ਤੋਂ ਨਹੀਂ ਹੋਈ ਘਰੇਲੂ ਸਿਲੰਡਰਾਂ ਦੀ ਵਪਾਰਕ ਵਰਤੋਂ ’ਤੇ ਕੋਈ ਕਾਰਵਾਈ
ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਫੂਡ ਸਪਲਾਈ ਵਿਭਾਗ ਸਿਰਫ ਮੁਫਤ ਕਣਕ ਵੰਡਣ ਵਿਚ ਹੀ ਰੁਝਿਆ ਹੋਇਆ ਹੈ, ਇੱਥੋਂ ਤੱਕ ਕਿ ਫੂਡ ਸਪਲਾਈ ਵਿਭਾਗ ਦਾ ਸਮੁੱਚਾ ਸਟਾਫ ਵੀ ਜਾਂ ਤਾਂ ਕਣਕ ਵੰਡਣ ਵਿਚ ਰੁਝਿਆ ਹੋਇਆ ਹੈ ਜਾਂ ਫਿਰ ਲੋਕਾਂ ਦੀਆਂ ਸ਼ਿਕਾਇਤਾਂ ਵਿਚ ਰੁਝਿਆ ਹੋਇਆ ਹੈ। ਕੁਲ ਮਿਲਾ ਕੇ ਸਭ ਦਾ ਧਿਆਨ ਸਰਕਾਰ ਵੱਲੋਂ ਦਿੱਤੀ ਜਾ ਰਹੀ ਆਟਾ ਦਾਲ ਸਕੀਮ ਤਹਿਤ ਮਿਲਣ ਵਾਲੀ 2 ਰੁਪਏ ਕਿੱਲੋ ਕਣਕ ’ਤੇ ਹੈ, ਜਿਸ ਤੇ ਖੁਰਾਕ ਸਪਲਾਈ ਵਿਭਾਗ ਦੇ ਅਧੀਨ ਆਉਂਦੇ ਦਰਜਨ ਤੋਂ ਵੱਧ ਵਿਭਾਗ ‘ਅਨਾਥ’ ਹੋ ਗਏ ਹਨ, ਕਿਉਂਕਿ ਨਾ ਤਾਂ ਕੋਈ ਉਨ੍ਹਾਂ ਦੀ ਸਾਰ ਲੈਂਦਾ ਹੈ ਅਤੇ ਨਾ ਹੀ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਕੋਈ ਨਜ਼ਰ ਰੱਖਦਾ ਹੈ। ਇਹੀ ਕਾਰਨ ਹੈ ਕਿ ਖੁਰਾਕ ਸਪਲਾਈ ਵਿਭਾਗ ਨੇ ਘਰੇਲੂ ਗੈਸ ਦੀ ਦੁਰਵਰਤੋਂ ’ਤੇ ਸ਼ਾਇਦ ਹੀ ਕੋਈ ਕਾਰਵਾਈ ਕੀਤੀ ਹੋਵੇ, ਇਹੀ ਕਾਰਨ ਹੈ ਕਿ ਖਾਣ-ਪੀਣ ਦੀਆਂ ਵਸਤੂਆਂ ਬਣਾਉਣ ਵਾਲੇ ਕਾਰੋਬਾਰੀ ਹਰ ਥਾਂ ’ਤੇ ਘਰੇਲੂ ਗੈਸ ਦੀ ਦੁਰਵਰਤੋਂ ਕਰਨ ਵਾਲਿਆਂ ਵਿਰੁੱਧ ਇਹ ਪਹਿਲੀ ਕਾਰਵਾਈ ਹੈ। ਪਿਛਲੇ ਦੋ ਮਹੀਨਿਆਂ ਤੋਂ ਨਵ-ਨਿਯੁਕਤ ਅਧਿਕਾਰੀ ਸਰਤਾਜ ਸਿੰਘ ਚੀਮਾ ਦੇ ਇੱਥੇ ਆਉਣ ਤੋਂ ਬਾਅਦ ਸਿਲੰਡਰ ਦੀ ਦੁਰਵਰਤੋ ਦੇ ਖ਼ਿਲਾਫ਼ ਇਹ ਪਹਿਲੀ ਕਾਰਵਾਈ ਹੈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਧਾਰਮਿਕ ਸਥਾਨ ਕੋਲ ਸਿਗਰਟ ਪੀਣ ਤੋਂ ਰੋਕਣ ਵਾਲੇ ਵਿਅਕਤੀ ਦਾ ਕਤਲ
ਹੋਰ ਥਾਵਾਂ ’ਤੇ ਵੀ ਕੀਤੀ ਜਾਵੇਗੀ ਛਾਪੇਮਾਰੀ : ਸਰਤਾਜ ਸਿੰਘ ਚੀਮਾ
ਇਸ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ ਦਾ ਕਹਿਣਾ ਹੈ ਕਿ ਘਰੇਲੂ ਸਿਲੰਡਰਾਂ ਦੀ ਦੁਰਵਰਤੋਂ ਕਿਸੇ ਵੀ ਹਾਲਤ ਵਿਚ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਵਿਭਾਗ ਦੀਆਂ ਟੀਮਾਂ ਪੂਰੀ ਤਰ੍ਹਾਂ ਚੌਕਸ ਹਨ ਅਤੇ ਆਉਣ ਵਾਲੇ ਸਮੇਂ ਵਿਚ ਜ਼ਿਲ੍ਹੇ ਭਰ ਵਿਚ ਹੋਰ ਵੀ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਘਰੇਲੂ ਸਿਲੰਡਰ ਦੀ ਵਪਾਰਕ ਵਰਤੋਂ ਕਰਨਾ ਅਪਰਾਧ ਹੈ ਅਤੇ ਲੋਕਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਵੀ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ- ਅਵਾਰਾ ਕੁੱਤਿਆਂ ਦਾ ਕਹਿਰ, ਨੋਚ-ਨੋਚ ਖਾ ਗਏ BSF ਜਵਾਨ ਦੀ ਪਤਨੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8