ਪੰਜਾਬ ਸਰਕਾਰ ਵੱਲੋਂ ਕੁਦਰਤੀ ਆਫਤਾਂ ਨਾਲ ਹੋਏ ਨੁਕਸਾਨ ਸਬੰਧੀ ਵੀ ਮੁਆਵਜ਼ਾ ਦਿੱਤਾ ਜਾਂਦੈ : ਡੀ. ਸੀ.
Saturday, Jul 28, 2018 - 01:19 AM (IST)
ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਪਵਨ, ਸੁਖਪਾਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਫ਼ਸਲ ਹਾਡ਼੍ਹੀ-ਸਾਉਣੀ 2015 ਅਤੇ ਹਾਡ਼੍ਹੀ 2016 ਦੌਰਾਨ ਸੇਮ ਕਾਰਨ ਖਾਲੀ ਰਕਬੇ ਵਿਚ ਅਣਬੀਜੀਆਂ ਫ਼ਸਲਾਂ ਦੇ ਮੁਆਵਜ਼ੇ ਲਈ ਰਾਹਤ ਵੰਡਣ ਦੀ ਮਨਜ਼ੂਰੀ ਦਿੱਤੀ ਗਈ ਹੈ। ®®ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲੇ ਦੇੇ ਡਿਪਟੀ ਕਮਿਸ਼ਨਰ ਐੱਮ. ਕੇ. ਅਰਵਿੰਦ ਕੁਮਾਰ ਆਈ. ਏ. ਐੱਸ. ਨੇ ਦੱਸਿਆ ਕਿ ਇਸ ਲਈ ਸੂਬਾ ਸਰਕਾਰ ਵੱਲੋਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਲਈ 5 ਕਰੋਡ਼ 97 ਲੱਖ 4 ਹਜ਼ਾਰ 913 ਰੁਪਏ ਦੀ ਸਹਾਇਤਾ ਰਾਸ਼ੀ ਵੰਡਣੀ ਪ੍ਰਵਾਨ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਰਾਸ਼ੀ ਦੀ ਪਾਰਦਰਸ਼ੀ ਤਰੀਕੇ ਨਾਲ ਵੰਡ ਕਰਨ ਲਈ ਸਮੂਹ ਉਪ ਮੰਡਲਾਂ ਦੇ ਐੱਸ. ਡੀ. ਐੱਮ. ਸਾਹਿਬਾਨ ਨੂੰ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਪ ਮੰਡਲ ਸ੍ਰੀ ਮੁਕਤਸਰ ਸਾਹਿਬ ਲਈ 72 ਲੱਖ 6 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਾਪਤ ਹੋਈ ਹੈ ਜਦਕਿ ਮਲੋਟ ਉਪ ਮੰਡਲ ਲਈ 3 ਕਰੋਡ਼ 55 ਲੱਖ 35 ਹਜ਼ਾਰ ਰੁਪਏ ਅਤੇ ਗਿੱਦਡ਼ਬਾਹਾ ਉਪ ਮੰਡਲ ਲਈ 1 ਕਰੋਡ਼ 69 ਲੱਖ 63 ਹਜ਼ਾਰ 913 ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੁਦਰਤੀ ਆਫਤਾਂ ਨਾਲ ਹੋਏ ਨੁਕਸਾਨ ਸਬੰਧੀ ਵੀ ਮੁਆਵਜ਼ਾ ਦਿੱਤਾ ਜਾਂਦਾ ਹੈ ਜਿਸ ਤਹਿਤ ਪਿਛਲੇ ਦਿਨੀਂ ਮੀਂਹ ਕਾਰਨ ਜ਼ਿਲੇ ਵਿਚ 6 ਵਿਅਕਤੀਆਂ ਦੀ ਮੌਤਾਂ ਮਕਾਨਾਂ ਹੇਠ ਦੱਬਣ ਕਾਰਨ ਹੋਈਆਂ ਸਨ ਜਿਨ੍ਹਾਂ ਵਿਚੋਂ 5 ਦੇ ਵਾਰਿਸਾਂ ਨੂੰ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ। ਹਰੇਕ ਮ੍ਰਿਤਕ ਦੇ ਵਾਰਿਸ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ ਜਦਕਿ ਇਕ ਮ੍ਰਿਤਕ ਲਈ ਮੁਆਵਜ਼ਾ ਰਾਸ਼ੀ ਵੀ ਪ੍ਰਾਪਤ ਹੋ ਗਈ ਹੈ ਅਤੇ ਜਲਦ ਹੀ ਇਸ ਦੀ ਵੰਡ ਕਰ ਦਿੱਤੀ ਜਾਵੇਗੀ।
