ਅਸ਼ਵਨੀ ਸ਼ਰਮਾ ਦਾ ਪੰਜਾਬ ਸਰਕਾਰ ''ਤੇ ਤਿੱਖਾ ਹਮਲਾ, ਅਮਿਤ ਸ਼ਾਹ ਦੀ ਰੈਲੀ ਬਾਰੇ ਦਿੱਤਾ ਵੱਡਾ ਬਿਆਨ (ਵੀਡੀਓ)
Thursday, Feb 26, 2026 - 12:13 PM (IST)
ਚੰਡੀਗੜ੍ਹ (ਅੰਕੁਰ ਤਾਂਗੜੀ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੋਗਾ 'ਚ 14 ਮਾਰਚ ਨੂੰ ਹੋਣ ਵਾਲੀ 'ਪੰਜਾਬ ਬਦਲਾਅ ਰੈਲੀ' ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਰੈਲੀ ਸਿਰਫ ਇੱਕ ਸਿਆਸੀ ਇਕੱਠ ਨਹੀਂ, ਸਗੋਂ ਪੰਜਾਬ 'ਚ ਬਦਲਾਅ ਦੀ ਸ਼ੁਰੂਆਤ ਦਾ ਸੁਨੇਹਾ ਹੋਵੇਗੀ। ਅਸ਼ਵਨੀ ਸ਼ਰਮਾ ਨੇ ਮੌਜੂਦਾ ਸੂਬਾ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਚਾਰ ਸਾਲਾਂ ਦੌਰਾਨ ਸਰਕਾਰ ਆਪਣੇ ਮੁੱਖ ਵਾਅਦਿਆਂ ਨੂੰ ਪੂਰਾ ਕਰਨ 'ਚ ਅਸਫ਼ਲ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ 'ਚ ਕਾਨੂੰਨ-ਵਿਵਸਥਾ ਦੀ ਸਥਿਤੀ ਬੇਹੱਦ ਖ਼ਰਾਬ ਹੋ ਚੁੱਕੀ ਹੈ ਅਤੇ ਭੈਅ-ਮੁਕਤ ਸ਼ਾਸਨ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਹੋਇਆ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, ਕੇਂਦਰ ਸਰਕਾਰ ਨੇ ਅਹਿਮ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ
ਨਸ਼ਾ, ਮਾਈਨਿੰਗ ਮਾਫ਼ੀਆ ਅਤੇ ਭ੍ਰਿਸ਼ਟਾਚਾਰ ਬੇਲਗਾਮ ਹਨ, ਜਦੋਂ ਕਿ ਸਿਹਤ ਅਤੇ ਸਿੱਖਿਆ ਪ੍ਰਣਾਲੀ ਚਰਮਰਾਈ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕਰਮਚਾਰੀਆਂ ਨੂੰ ਸਮੇਂ ‘ਤੇ ਤਨਖ਼ਾਹਾਂ ਅਤੇ ਪੈਨਸ਼ਨਾਂ ਨਹੀਂ ਮਿਲ ਰਹੀਆਂ। ਮੁਫ਼ਤ ਯੋਜਨਾਵਾਂ ਦੇ ਬਕਾਇਆ ਕਾਰਨ ਬਿਜਲੀ ਬੋਰਡ ਅਤੇ ਪੰਜਾਬ ਰੋਡਵੇਜ਼ ਘਾਟੇ 'ਚ ਹਨ। ਬੇਅਦਬੀ ਮਾਮਲਿਆਂ 'ਚ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਵਾਅਦਾ ਵੀ ਚਾਰ ਸਾਲ ਬਾਅਦ ਅਧੂਰਾ ਹੈ। ਕਿਸਾਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਫ਼ਸਲ ‘ਤੇ ਐੱਮ. ਐੱਸ. ਪੀ. ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਹ ਵੀ ਪੂਰਾ ਨਹੀਂ ਹੋਇਆ। ਵਪਾਰੀ ਵਰਗ ਟੈਕਸ ਅਤੇ ਫ਼ਿਰੌਤੀ ਤੋਂ ਡਰਿਆ ਹੋਇਆ ਹੈ।
ਗੈਂਗਸਟਰਵਾਦ ਦੇ ਵੱਧਣ ਅਤੇ ਕਤਲਾਂ ਦੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਸ, ਜਿਸ ਨੇ ਅੱਤਵਾਦ ਦੇ ਦੌਰ 'ਚ ਵੀ ਡੱਟ ਕੇ ਮੁਕਾਬਲਾ ਕੀਤਾ ਸੀ, ਅੱਜ ਸਿਆਸੀ ਦਬਾਅ ਹੇਠ ਦਿਖਾਈ ਦੇ ਰਹੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਰੈਲੀ ਕਿਸਾਨਾਂ, ਦਲਿਤਾਂ, ਔਰਤਾਂ, ਨੌਜਵਾਨਾਂ, ਵਪਾਰੀਆਂ ਅਤੇ ਉਦਯੋਗ ਵਰਗ ਸਮੇਤ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਉਭਾਰੇਗੀ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਪੰਜਾਬ ਲਈ ਭਾਜਪਾ ਦੇ ਵਿਜ਼ਨ ਨੂੰ ਸਪੱਸ਼ਟ ਕਰਨਗੇ। ਉਨ੍ਹਾਂ ਕਿਹਾ ਕਿ 'ਆਓ ਮਿਲ-ਜੁਲ ਕੇ ਪੰਜਾਬ ਬਦਲੀਏ' ਦੇ ਨਾਅਰੇ ਨਾਲ ਹੋਣ ਵਾਲੀ ਇਹ ਬਦਲਾਅ ਰੈਲੀ ਪੰਜਾਬ ਦੀ ਸਿਆਸਤ 'ਚ ਇੱਕ ਨਵਾਂ ਮੋੜ ਸਾਬਤ ਹੋਵੇਗੀ ਅਤੇ ਲੋਕਾਂ ਸਾਹਮਣੇ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਨੂੰ ਰੱਖੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
